ਆਸਟ੍ਰੇਲੀਆ ‘ਚ 33ਵੀਂ ਸਾਲਾਨਾ ਸਿੱਖ ਖੇਡਾਂ ਜੋਸ਼ੋ-ਖਰੋਸ਼ ਨਾਲ ਸ਼ੁਰੂ

ਪਰਥ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਆਸਟ੍ਰੇਲੀਆ ‘ਚ 33ਵੀਂ ਸਾਲਾਨਾ ਕੌਮੀ ਸਿੱਖ ਖੇਡਾਂ ਕਰਵਾਈਆਂ ਗਈਆਂ। ਇਹ ਸਿੱਖ ਖੇਡਾਂ ਪਰਥ ਦੇ ਕਾਰਟਨ ਖੇਡ ਸਟੇਡੀਅਮ ‘ਚ ਕਰਵਾਈਆਂ ਜਾ ਰਹੀਆਂ ਹਨ। ਸਾਲਾਨਾ ਸਿੱਖ ਖੇਡਾਂ ਨੂੰ ਸਮਰਪਿਤ ਮੈਲਬੌਰਨ, ਸਿਡਨੀ ਅਤੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ‘ਚ ਵੀ ਈਸਟਰ ਵੀਕਐਂਡ ‘ਤੇ ਈਗਲ ਸਪੋਰਟਸ ਕੰਪਲੈਕਸ ਮੈਨਸਫੀਲਡ ਵਿਖੇ ਸੂਬੇ ਪੱਧਰ ਦਾ ਖੇਡ ਤੇ ਸੱਭਿਆਚਾਰਕ ਮੇਲਾ ਬਹੁਤ ਹੀ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਗਿਆ।

Video Ad

ਕੌਮੀ ਖੇਡ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਮਨਜੀਤ ਬੋਪਾਰਾਏ ਕੌਮੀ ਸੱਭਿਆਚਾਰਕ ਕਮੇਟੀ ਦੇ ਨੁਮਾਇੰਦੇ ਤੇ ਕੁਈਨਜ਼ਲੈਂਡ ਸੂਬਾਈ ਕਮੇਟੀ ਦੇ ਪ੍ਰਬੰਧਕ ਹੈਪੀ ਧਾਮੀ, ਰੌਕੀ ਭੁੱਲਰ, ਜਗਦੀਪ ਸਿੰਘ ਭਿੰਡਰ, ਗੁਰਜੀਤ ਸਿੰਘ ਤੇ ਰਣਦੀਪ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ‘ਚ ਫੁੱਟਬਾਲ, ਵਾਲੀਬਾਲ, ਕ੍ਰਿਕਟ, ਰੱਸਾਕਸ਼ੀ ਆਦਿ ਖੇਡਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਹੁੰਮ-ਹੁੰਮਾ ਕੇ ਹਿੱਸਾ ਲਿਆ।

ਫੁੱਟਬਾਲ ਦੇ ਫਾਈਨਲ ਮੁਕਾਬਲੇ (ਮੁੰਡਿਆਂ) ‘ਚ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਜੇਤੂ ਤੇ ਪੰਜਾਬੀ ਯੂਨਾਈਟਿਡ ਬ੍ਰਿਸਬੇਨ ਦੀ ਟੀਮ ਉਪ ਜੇਤੂ ਤੇ ਫੁੱਟਬਾਲ ਮੁਕਾਬਲੇ (ਕੁੜੀਆਂ) ‘ਚ ਜੇਤੂ ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ ਤੇ ਉਪ ਜੇਤੂ ਬ੍ਰਿਸਬੇਨ ਯੂਥ ਸਪੋਰਟਸ ਕਲੱਬ ਰਿਹਾ। ਵਾਲੀਵਾਲ ਸਮੈਸ਼ਜਿੰਗ ਦੇ ਫਾਈਨਲ ਮੈਚ ਮੁਕਾਬਲੇ ‘ਚ ਸਿੰਘ ਸਪਾਈਕਰਜ਼ ਦੀ ਟੀਮ ਨੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਰਾਪਤ ਕੀਤਾ।

ਪ੍ਰਬੰਧਕਾਂ ਵੱਲੋਂ ਜਿੱਤਣ ਵਾਲੀਆਂ ਟੀਮਾਂ ਨੂੰ ਦਿਲ ਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਹੋਏ ਸਿੱਖ ਫੋਰਮ ਦੌਰਾਨ ਪੰਜਾਬੀ ਹਿਤੈਸ਼ੀਆਂ ਵੱਲੋਂ ਮਾਂ-ਬੋਲੀ ਪੰਜਾਬੀ ਦੇ ਪਸਾਰ, ਭਾਈਚਾਰਕ ਸਾਂਝ ਤੇ ਭਵਿੱਖੀ ਸਰਗਰਮੀਆਂ ਦਾ ਚਿੰਤਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਕੁਈਨਜ਼ਲੈਂਡ ਸੂਬੇ ਦੀ 1992 ਦੀ ਪਹਿਲੀ ਸਿੱਖ ਖੇਡ ਕਮੇਟੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗੀਤ-ਸੰਗੀਤ, ਗਿੱਧਾ-ਭੰਗੜਾ ਤੇ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਖੇਡ ਮੇਲੇ ‘ਚ ਦਸਤਾਰ ਸਜਾਉਣ ਦੇ ਮੁਕਾਬਲੇ ਤੇ ਬੱਚਿਆਂ ਦੀਆਂ ਖੇਡਾਂ ਤੇ ਬਹੁ-ਸੱਭਿਅਕ ਸੰਗੀਤ ਤੇ ਡਾਂਸ ਵੰਨਗੀਆਂ ਵੀ ਵਿਸ਼ੇਸ਼ ਤੌਰ ‘ਤੇ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਬ੍ਰਿਸਬੇਨ ਦੇ ਸਮੂਹ ਗੁਰਦੁਆਰਾ ਸਾਹਿਬਾਨ ਵੱਲੋਂ ਸੰਗਤ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ। ਪੰਜਾਬੀ ਭਾਸ਼ਾ ਫ਼ੋਰਮ ਵਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ। ਸੱਭਿਆਚਾਰਕ ਮੇਲੇ ਦਾ ਮੰਚ ਸੰਚਾਲਨ ਰਣਦੀਪ ਸਿੰਘ ਜੌਹਲ ਤੇ ਸ਼ਰੂਤੀ ਪੱਡਾ ਵੱਲੋਂ ਬਾਖੂਬੀ ਕੀਤਾ ਗਿਆ।

Video Ad