
ਨਵੀਂ ਦਿੱਲੀ, 17 ਮਾਰਚ, ਹ.ਬ. : ਇਟਲੀ ਅਤੇ ਫਰਾਂਸ ਨੇ ਔਕਸਫੋਰਡ-ਐਸਟਰਾਜ਼ੈਨੇਕਾ ਵੈਕਸੀਨ ’ਤੇ ਲਗਾਈ ਅਸਥਾਈ ਰੋਕ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇੱਕ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਸਪੇਨ, ਜਰਮਨੀ, ਫਰਾਂਸ, ਇਟਲੀ ਵਿਚ ਖੂਨ ਦੀਆਂ ਗੰਢਾਂ ਜਮਣ ਦੀ ਸ਼ਿਕਾਇਤਾਂ ਤੋਂ ਬਾਅਦ ਅਸਥਾਈ ਤੌਰ ’ਤੇ ਆਕਸਫੋਰਡ-ਐਸਟਰਾਜ਼ੈਨੇਕਾ ਕੋਰੋਨਾ ਵੈਕਸੀਨ ਦੇ ਇਸਤੇਮਾਲ ’ਤੇ ਰੋਕ ਲਗਾ ਦਿੱਤੀ ਗਈ ਹੈ।
ਦ ਸਨ ਦੀ ਖ਼ਬਰ ਮੁਤਾਬਕ ਇਟਲੀ ਦੇ ਪ੍ਰਧਾਨ ਮੰਤਰੀ ਮਾਰਿਓ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨਾਲ ਕੋਰੋਨਾ ਵੈਕਸੀਨ ਦੇ ਇਸਤੇਮਾਲ ਤੋਂ ਰੋਕ ਹਟਾਉਣ ਨੂੰ ਲੈ ਕੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਐਸਟਰਾਜ਼ੈਨੇਕਾ ਦੇ ਇਸਤੇਮਾਲ ਨੂੰ ਮੁੜ ਸ਼ੁਰੂ ਕਰਨ ਦੀ ਗੱਲ ਕਹੀ ਹੈ। ਦੋਵੇਂ ਦੇਸ਼ਾਂ ਨੇ ਕਿਹਾ ਹੈ ਕਿ ਯੂਰੋਪੀਅਨ ਮੈਡਿਸਨ ਏਜੰਸੀ ਦੇ ਬਿਆਨ ਦੀ ਉਡੀਕ ਕਰ ਰਹੇ ਸੀ। ਨਾਲ ਹੀ ਖ਼ਬਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਕਸਫੋਰਡ-ਐਸਟਰਾਜ਼ੈਨੇਕਾ ਕੋਰੋਨਾ ਵੈਕਸੀਨ ’ਤ ਰੋਕ ਲਾਉਣ ਦਾ ਫੈਸਲਾ ਸਿਰਫ ਸਿਆਸੀ ਸੀ ਕਿਉਂਕਿ ਐਸਟਰਾਜ਼ੈਨੇਕਾ ਵੈਕਸੀਨ ਨੂੰ ਆਕਸਫੋਰਡ ਦੇ ਨਾਲ ਮਿਲ ਕੇ ਵਿਕਸਤ ਕੀਤਾ ਗਿਆ ਹੈ। ਅਜਿਹੇ ਵਿਚ ਯੂਰਪ ਦੇਸ਼ਾਂ ਨੇ ਬ੍ਰੈਗਜ਼ਿਟ ਦੇ ਕਾਰਨ ਰੋਕ ਲਗਾਈ , ਇਹ ਸਿਆਸੀ ਫੈਸਲਾ ਸੀ। ਇਸ ਤੋਂ ਪਹਿਲਾਂ ਆਇਰਲੈਂਡ, ਨੀਦਰਲੈਂਡ, ਆਸਟਰੀਆ, ਡੈਨਮਾਰਕ, ਆਈਸਲੈਂਡ ਅਤੇ ਨਾਰਵੇ ਜਿਹੇ ਕਈ ਯੂਰਪੀ ਦੇਸ਼ਾਂ ਵਿਚ ਐਸਟਰਾਜ਼ੈਨੇਕਾ ਵੈਕਸੀਨ ਦੇ ਇਸਤੇਮਾਲ ’ਤੇ ਰੋਕ ਲਗ ਚੁੱਕੀ ਹੈ।