ਇਸ਼ਰਤ ਜਹਾਂ ਐਨਕਾਊਂਟਰ : ਕ੍ਰਾਈਮ ਬਰਾਂਚ ਦੇ 3 ਅਧਿਕਾਰੀ ਬਰੀ

ਅਹਿਮਦਾਬਾਦ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਗੁਜਰਾਤ ਦੇ ਚਰਚਿਤ ਇਸ਼ਰਤ ਜਹਾਂ ਐਨਕਾਊਂਟਰ ਕੇਸ ਵਿੱਚ ਸੀਬੀਆਈ ਕੋਰਟ ਨੇ ਕ੍ਰਾਈਮ ਬ੍ਰਾਂਚ ਦੇ ਤਿੰਨ ਅਧਿਕਾਰੀਆਂ ਗਿਰੀਸ਼ ਸਿੰਘਲ, ਤਰੁਣ ਬਾਰੋਟ ਅਤੇ ਅੰਜੂ ਚੌਧਰੀ ਨੂੰ ਬਰੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਇਸ਼ਰਤ ਜਹਾਂ, ਲਸ਼ਕਰ-ਏ-ਤਾਇਬਾ ਦੀ ਅੱਤਵਾਦੀ ਸੀ, ਇਸ ਖੁਫ਼ੀਆ ਰਿਪੋਰਟ ਨੂੰ ਨਕਾਰਿਆ ਨਹੀਂ ਜਾ ਸਕਦਾ। ਇਸ ਲਈ ਤਿੰਨੇ ਅਧਿਕਾਰੀਆਂ ਲੂੰ ਨਿਰਦੋਸ਼ ਮੰਨਦੇ ਹੋਏ ਬਰੀ ਕੀਤਾ ਜਾਂਦਾ ਹੈ।
2004 ਤੋਂ ਬਾਅਦ ਗੁਜਰਾਤ ਨੇ ਆਈਪੀਐਸ ਜੀਐਲ ਸਿੰਘਲ, ਸੇਵਾਮੁਕਤ ਡੀਐਸਪੀ ਤਰੁਣ ਬਾਰੋਟ ਅਤੇ ਅਸਿਸਟੈਂਟ ਸਬ ਇੰਸਪੈਕਟਰ ਅੰਜੂ ਚੌਧਰੀ ਵਿਰੁੱਧ ਇਸ਼ਰਤ ਜਹਾਂ ਐਨਕਾਊਂਟਰ ਮਾਮਲੇ ਵਿੱਚ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਬੁੱਧਵਾਰ ਨੂੰ ਇਸ ਮਾਮਲੇ ਵਿੱਚ ਦਾਇਰ ਅਰਜ਼ੀ ’ਤੇ ਸੁਣਵਾਈ ਹੋਈ। ਇਸ ਮਾਮਲੇ ਵਿੱਚ ਕੋਰਟ ਨੇ ਕਿਹਾ ਕਿ ਇਸ ਗੱਲ ਦੇ ਸਬੂਤ ਹਨ ਕਿ ਇਸ਼ਰਤ ਜਹਾਂ ਅੱਤਵਾਦੀ ਸੀ ਅਤੇ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਆਪਣੀ ਡਿਊਟੀ ਨਿਭਾਈ।
15 ਜੂਨ, 2004 ਨੂੰ ਅਹਿਮਦਾਬਾਦ ਵਿੱਚ ਕੋਤਰਪੁਰ ਵਾਟਰ ਵਰਕਸ ਦੇ ਨੇੜੇ ਪੁਲਿਸ ਐਨਕਾਊਂਟਰ ਵਿੱਚ ਇਸ਼ਰਤ ਜਹਾਂ, ਜਾਵੇਦ ਸ਼ੇਖ, ਅਮਜਦ ਰਾਮ ਅਤੇ ਜੀਸ਼ਾਨ ਜੌਹਰ ਮਾਰੇ ਗਏ ਸਨ। ਖੁਫ਼ੀਆ ਰਿਪੋਰਟ ਮੁਤਾਬਕ ਇਹ ਸਾਰੇ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨਾਲ ਜੁੜੇ ਸਨ ਅਤੇ ਉਹ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਕਤਲ ਦੇ ਇਰਾਦੇ ਨਾਲ ਆਏ ਸਨ। ਇਸ਼ਰਤ ਜਹਾਂ ਦੀ ਮਾਂ ਸਮੀਮਾ ਕੌਸਰ ਅਤੇ ਜਾਵੇਦ ਦੇ ਪਿਤਾ ਗੋਪੀਨਾਥ ਪਿੱਲਈ ਨੇ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਬਣਾਈ ਸੀ। ਇਸ ਮਾਮਲੇ ਵਿੱਚ ਕਈ ਪੁਲਿਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Video Ad
Video Ad