ਇਸ ਵਾਰ 6 ਲੱਖ ਸ਼ਰਧਾਲੂ ਪਹੁੰਚ ਸਕਦੇ ਹਨ ਅਮਰਨਾਥ, ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਸ੍ਰੀਨਗਰ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਇਸ ਸਾਲ ਅਮਰਨਾਥ ਯਾਤਰਾ ‘ਚ 6 ਲੱਖ ਸ਼ਿਵ ਭਗਤਾਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰੀ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀ.ਵੀ.ਆਰ. ਸੁਬ੍ਰਾਮਣਿਅਮ ਨੇ ਬੁੱਧਵਾਰ ਨੂੰ ਇਕ ਮੀਟਿੰਗ ਕਰਕੇ ਸੁਰੱਖਿਅਤ ਅਤੇ ਮੁਸ਼ਕਲ ਰਹਿਤ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੁੱਖ ਸਕੱਤਰ ਨੇ ਕਸ਼ਮੀਰ ਅਤੇ ਜੰਮੂ ਦੇ ਮੰਡਲ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖਾਸਕਰ ਕਠੂਆ, ਸਾਂਬਾ, ਜੰਮੂ, ਊਧਮਪੁਰ, ਰਾਮਬਨ, ਅਨੰਤਨਾਗ, ਸ੍ਰੀਨਗਰ, ਬਾਲਟਾਲ ‘ਚ ‘ਯਾਤਰਾ’ ਮਾਰਗ ਦੇ ਨਾਲ ਟ੍ਰਾਂਜਿਟ ਕੈਂਪਾਂ ‘ਚ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਨੇੜਿਉਂ ਨਿਗਰਾਨੀ ਕਰਨ।
ਉਨ੍ਹਾਂ ਕਿਹਾ ਕਿ ਦੋਵੇਂ ਵਿਭਾਗੀ ਪ੍ਰਸ਼ਾਸਨ 6 ਲੱਖ ਯਾਤਰੀਆਂ ਦੀ ਆਮਦ ਦੇ ਟੀਚੇ ਨਾਲ ਪ੍ਰਬੰਧਾਂ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਮੰਡਲਾਯੁਕਤ ਕਸ਼ਮੀਰ ਅਤੇ ਜੰਮੂ ਨੂੰ ਯਾਤਰਾ ਰੂਟ ਕਠੂਆ, ਸਾਂਬਾ, ਜੰਮੂ, ਊਧਮਪੁਰ, ਰਾਮਬਨ, ਅਨੰਤਨਾਗ, ਸ੍ਰੀਨਗਰ, ਬਾਲਟਾਲ ਅਤੇ ਚੰਦਨਬਾੜੀ ‘ਚ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਕਿਹਾ ਹੈ।
ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਸਬੰਧਤ ਖੇਤਰਾਂ ਦੇ ਟ੍ਰਾਂਜਿਟ ਕੈਂਪਾਂ ‘ਚ ਯਾਤਰੀਆਂ ਦੀ ਸਮਰੱਥਾ ਵਧਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਕੈਂਪਾਂ ‘ਚ ਸਾਰੀਆਂ ਜ਼ਰੂਰੀ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਦੌਰੇ ਤੋਂ ਪਹਿਲਾਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਯਾਤਰਾ ਲਈ 1 ਅਪ੍ਰੈਲ ਤੋਂ ਐਡਵਾਂਸ ਯਾਤਰੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।
56 ਰੋਜ਼ਾ ਅਮਰਨਾਥ ਯਾਤਰਾ 28 ਜੂਨ ਨੂੰ ਸਾਰੇ ਕੋਵਿਡ-19 ਪ੍ਰੋਟੋਕੋਲ ਨਾਲ ਸ਼ੁਰੂ ਹੋਵੇਗੀ ਅਤੇ ਆਮ ਤੌਰ ‘ਤੇ 22 ਅਗਸਤ ਨੂੰ ਰੱਖੜੀ ‘ਤੇ ਸਮਾਪਤ ਹੋਵੇਗੀ। ਇਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾਵੇਗੀ।

Video Ad

ਕੀ ਹਨ ਗਾਈਡਲਾਈਨਸ ?
ਯਾਤਰਾ ‘ਚ ਆਉਣ ਵਾਲੇ ਸ਼ਰਧਾਲੂਆਂ ਲਈ ਗਾਈਡਲਾਈਨ ਬਣਾਈ ਜਾ ਰਹੀ ਹੈ। ਅਧਿਕਾਰਤ ਪੱਧਰ ‘ਤੇ ਅਜੇ ਤਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਕੋਰੋਨਾ ਨੂੰ ਵੇਖਦਿਆਂ ਐਸਓਪੀ ਦੇ ਤਹਿਤ ਯਾਤਰਾ ਹੋਵੇਗੀ। ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦੀ ਤਰ੍ਹਾਂ ਸ਼ਰਧਾਲੂਆਂ ਨੂੰ ਕੋਰੋਨ ਟੈਸਟ ਕਰਵਾਉਣਾ ਪਵੇਗਾ। ਯਾਤਰੀਆਂ ਨੂੰ ਲਖਨਪੁਰ ‘ਚ ਰਿਸੀਵ ਕੀਤਾ ਜਾਵੇਗਾ। ਇਸ ਤੋਂ ਬਾਅਦ ਯਾਤਰੀਆਂ ਨੂੰ ਭਵਗਤੀ ਨਗਰ ਦੇ ਕੈਂਪ ‘ਚ ਰੱਖਿਆ ਜਾਵੇਗਾ। ਇਸ ਮਗਰੋਂ ਜੱਥੇ ਦੇ ਰੂਪ ‘ਚ ਭਵਨ ਵੱਲ ਰਵਾਨਾ ਕੀਤਾ ਜਾਵੇਗਾ। ਇਹ ਦੱਸਿਆ ਗਿਆ ਹੈ ਕਿ ਕਈ ਜ਼ਿਲ੍ਹਿਆਂ ‘ਚ ਕੈਂਪ ਬਣਾਏ ਗਏ ਹਨ ਤਾਂ ਕਿ ਸ਼ਰਧਾਲੂਆਂ ਨੂੰ ਜੇ ਰਸਤੇ ‘ਚ ਰੱਖਣ ਦਾ ਪ੍ਰਬੰਧ ਕਰਨਾ ਹੋਵੇ ਤਾਂ ਇਸ ਨੂੰ ਤੁਰੰਤ ਕੀਤਾ ਜਾ ਸਕੇ।
ਸ਼ਰਧਾਲੂਆਂ ਦੀਆਂ ਗੱਡੀਆਂ ਨੂੰ ਇਕ ਥਾਂ ‘ਤੇ ਰੋਕਿਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਪਰਚੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਤੇ ਹੋਰ ਨਹੀਂ ਰੋਕਿਆ ਜਾਵੇਗਾ। ਜਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਸ ਅਨੁਸਾਰ ਸ਼ਰਧਾਲੂਆਂ ਦੀ ਟੈਸਟ ਰਿਪੋਰਟ ਲਖਨਪੁਰ ‘ਚ ਵੇਖੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਸਲਿੱਪ ਮਿਲੇਗੀ, ਜਿਸ ਤੋਂ ਸਾਫ਼ ਹੋ ਜਾਵੇਗਾ ਕਿ ਉਨ੍ਹਾਂ ਨੇ ਟੈਸਟ ਕਰਵਾ ਲਿਆ ਹੈ।

Video Ad