Home ਭਾਰਤ ਇੰਗਲੈਂਡ ਨੇ ਭਾਰਤ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਟੀਮ ਦਾ ਐਲਾਨ ਕੀਤਾ

ਇੰਗਲੈਂਡ ਨੇ ਭਾਰਤ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਟੀਮ ਦਾ ਐਲਾਨ ਕੀਤਾ

0
ਇੰਗਲੈਂਡ ਨੇ ਭਾਰਤ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਟੀਮ ਦਾ ਐਲਾਨ ਕੀਤਾ

ਨਵੀਂ ਦਿੱਲੀ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ 23 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇੰਗਲੈਂਡ ਨੇ ਇਸ ਲੜੀ ਲਈ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। 14 ਖਿਡਾਰੀਆਂ ਤੋਂ ਇਲਾਵਾ ਤਿੰਨ ਖਿਡਾਰੀਆਂ ਨੂੰ ਕਵਰ ਵਜੋਂ ਰੱਖਿਆ ਗਿਆ ਹੈ। ਇੰਗਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਕੂਹਣੀ ਦੀ ਸੱਟ ਕਾਰਨ ਵਨਡੇ ਲੜੀ ਦਾ ਹਿੱਸਾ ਨਹੀਂ ਹੋਣਗੇ।
ਇੰਗਲੈਂਡ ਨੇ ਆਪਣੀ 14 ਮੈਂਬਰੀ ਟੀਮ ‘ਚ ਜੋਅ ਰੂਟ ਅਤੇ ਕ੍ਰਿਸ ਵੋਕਸ ਜਿਹੇ ਵੱਡੇ ਖਿਡਾਰੀਆਂ ਨੂੰ ਵੀ ਥਾਂ ਨਹੀਂ ਦਿੱਤੀ ਹੈ। ਇੰਗਲੈਂਡ ਦੀ ਰੋਟੇਸ਼ਨ ਪਾਲਿਸੀ ਦੇ ਤਹਿਤ ਇਹ ਦੋਵੇਂ ਖਿਡਾਰੀ ਆਰਾਮ ‘ਤੇ ਹਨ। ਵੋਕਸ ਅਤੇ ਰੂਟ ਨੂੰ ਭਾਰਤ ਵਿਰੁੱਧ ਪੰਜ ਮੈਚਾਂ ਦੀ ਟੀ20 ਲੜੀ ‘ਚ ਮੌਕਾ ਨਹੀਂ ਮਿਲਿਆ ਸੀ।
ਜੋਫ਼ਰਾ ਆਰਚਰ ਦਾ ਨਾ ਖੇਡਣਾ ਇੰਗਲੈਂਡ ਲਈ ਇਕ ਵੱਡਾ ਝਟਕਾ ਹੈ। ਕੂਹਣੀ ਦੀ ਸੱਟ ਕਾਰਨ ਆਰਚਰ ਦੂਜੇ ਅਤੇ ਚੌਥੇ ਟੈਸਟ ‘ਚ ਨਹੀਂ ਖੇਡ ਸਕੇ ਸਨ। ਇਸੇ ਕਾਰਨ ਉਹ ਵਨਡੇ ਟੀਮ ਦਾ ਹਿੱਸਾ ਨਹੀਂ ਬਣੇ ਹਨ। ਆਰਚਰ ਨੇ ਹਾਲਾਂਕਿ ਤਿੰਨ ਇੰਜੈਕਸ਼ਨ ਲਗਵਾ ਕੇ ਇੰਗਲੈਂਡ ਲਈ ਸਾਰੇ ਪੰਜ ਟੀ20 ਮੈਚ ਖੇਡੇ ਸਨ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਇੰਗਲੈਂਡ ਨੇ ਟੀਮ ਦੇ ਨਾਲ ਤਿੰਨ ਖਿਡਾਰੀਆਂ ਨੂੰ ਕਵਰ ਵਜੋਂ ਰੱਖਿਆ ਹੈ। ਜੈਕ ਬਾਲ, ਕ੍ਰਿਸ ਜੌਰਡਨ ਅਤੇ ਡੇਵਿਡ ਮਲਾਨ ਟੀਮ ਨਾਲ ਮੌਜੂਦ ਰਹਿਣਗੇ। 14 ਮੈਂਬਰੀ ਟੀਮ ਦੇ ਕਿਸੇ ਵੀ ਖਿਡਾਰੀ ਦੇ ਸੱਟ ਲੱਗਣ ਦੀ ਸਥਿਤੀ ‘ਚ ਉਨ੍ਹਾਂ ਵਿਚੋਂ ਇਕ ਨੂੰ ਬਦਲ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਤਿੰਨੇ ਵਨਡੇ ਮੈਚ ਪੁਣੇ ‘ਚ ਖੇਡੇ ਜਾਣਗੇ। ਪਹਿਲਾ ਮੈਚ 23 ਮਾਰਚ ਨੂੰ ਹੋਵੇਗਾ। ਦੂਜਾ ਵਨਡੇ ਮੈਚ 26 ਮਾਰਚ ਨੂੰ ਅਤੇ ਲੜੀ ਦਾ ਆਖਰੀ ਮੈਚ 28 ਮਾਰਚ ਨੂੰ ਖੇਡਿਆ ਜਾਵੇਗਾ। ਆਖਰੀ ਵਨਡੇ ਨਾਲ ਇੰਗਲੈਂਡ ਦਾ ਦੋ ਮਹੀਨਿਆਂ ਦਾ ਲੰਬਾ ਭਾਰਤ ਦੌਰਾ ਵੀ ਖ਼ਤਮ ਹੋ ਜਾਵੇਗਾ।

ਇੰਗਲੈਂਡ ਦੀ ਟੀਮ ਇਸ ਤਰ੍ਹਾਂ ਹੈ :
ਈਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੌਨੀ ਬੇਅਰਸਟੋ, ਸੈਮ ਬਿਲਿੰਗਸ, ਜੋਸ ਬਟਲਰ, ਸੈਮ ਕੁਰਨ, ਟੌਮ ਕੁਰਨ, ਲਿਵਸਟੋਨ, ਪਰਕਿਸਨ, ਆਦਿਲ ਰਾਸ਼ਿਦ, ਜੇਸਨ ਰਾਏ, ਬੇਨ ਸਟੋਕਸ, ਮਾਰਕ ਵੁੱਡ, ਰੇਸੇ ਟੋਪਲੇ।