ਇੰਗਲੈਂਡ ਵਿਰੁੱਧ 3 ਇਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਗਲੈਂਡ ਵਿਰੁੱਧ ਆਗਾਮੀ 3 ਇਕ ਰੋਜ਼ਾ ਮੈਚਾਂ ਦੀ ਲੜੀ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ‘ਚ ਵਨਡੇ ਲੜੀ ‘ਚ ਪਹਿਲੀ ਵਾਰ ਸੂਰਿਆ ਕੁਮਾਰ ਯਾਦਵ ਅਤੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੂੰ ਥਾਂ ਮਿਲੀ ਹੈ, ਜਦਕਿ ਟੈਸਟ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਸਿਰਾਜ ਨੂੰ ਵੀ ਥਾਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ਵਿਰੁੱਧ ਚੱਲ ਰਹੀ ਟੀ20 ਲੜੀ ‘ਚ ਸੂਰਿਆ ਕੁਮਾਰ ਯਾਦਵ ਨੇ ਹਾਲ ਹੀ ‘ਚ 31 ਗੇਂਦਾਂ ‘ਚ 57 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਸੀ। ਇਸ ਕਾਰਨ ਉਨ੍ਹਾਂ ਨੂੰ ਹੁਣ ਵਨਡੇ ਟੀਮ ‘ਚ ਵੀ ਥਾਂ ਮਿਲੀ ਹੈ। ਜਦਕਿ ਕਪਤਾਨ ਕੋਹਲੀ ਨੇ ਕਾਫ਼ੀ ਪਹਿਲਾਂ ਇਕ ਵਾਰ ਪ੍ਰੈੱਸ ਕਾਨਫ਼ਰੰਸ ‘ਚ ਪ੍ਰਸਿੱਧ ਕ੍ਰਿਸ਼ਨ ਨੂੰ ਮੈਚ ਖਿਡਾਉਣ ਦਾ ਵਾਅਦਾ ਕੀਤਾ ਸੀ। ਲੰਮੇ ਸਮੇਂ ਬਾਅਦ ਉਨ੍ਹਾਂ ਨੂੰ ਵਨਡੇ ਟੀਮ ‘ਚ ਥਾਂ ਮਿਲੀ ਹੈ।
ਦੂਜੇ ਪਾਸੇ ਸਪਿਨ ਗੇਂਦਬਾਜ਼ੀ ਆਲਰਾਊਂਡਰ ਵਜੋਂ ਕੁਨਾਲ ਪਾਂਡਿਆ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਟੀਮ ‘ਚੋਂ ਬਾਹਰ ਜਾਣ ਵਾਲਿਆਂ ਦੀ ਗੱਲ ਕਰੀਏ ਤਾਂ ਇਸ ‘ਚ ਮਨੀਸ਼ ਪਾਂਡੇ, ਸੰਜੂ ਸੈਮਸਨ, ਨਵਦੀਪ ਸੈਣੀ ਅਤੇ ਮਯੰਕ ਅਗਰਵਾਲ ਸ਼ਾਮਲ ਹਨ। ਇਸ ਦੇ ਨਾਲ ਹੀ ਜਸਪ੍ਰੀਤ ਬੁਮਰਾਹ ਹਾਲ ਹੀ ‘ਚ ਵਿਆਹ ਕਰਾਉਣ ਕਾਰਨ ਟੀਮ ਤੋਂ ਬਾਹਰ ਹਨ। ਜਦਕਿ ਰਿਸ਼ਭ ਪੰਤ, ਜੋ ਆਖਰੀ ਵਾਰ ਆਸਟ੍ਰੇਲੀਆ ਵਿਰੁੱਧ ਵਨਡੇ ਟੀਮ ਤੋਂ ਬਾਹਰ ਸਨ, ਨੂੰ ਇਕ ਵਾਰ ਫਿਰ ਮੌਕਾ ਮਿਲਿਆ ਹੈ। ਸੱਟ ਲੱਗਣ ਕਾਰਨ ਵਾਪਸੀ ਨਾ ਕਰਨ ਵਾਲੇ ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਵੀ ਟੀਮ ਤੋਂ ਬਾਹਰ ਹਨ। ਜਦਕਿ ਨਵਦੀਪ ਸੈਣੀ ਨੂੰ ਬਾਹਰ ਕਰਕੇ ਪ੍ਰਸਿੱਧ ਕ੍ਰਿਸ਼ਨ ਨੂੰ ਮੌਕਾ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਭਾਰਤ ਦੌਰੇ ‘ਤੇ ਆਈ ਇੰਗਲੈਂਡ ਨੂੰ 4 ਮੈਚਾਂ ਦੀ ਟੈਸਟ ਲੜੀ ‘ਚ ਭਾਰਤ ਨੇ 3-1 ਨਾਲ ਹਰਾਇਆ ਸੀ। ਇਸ ਤੋਂ ਬਾਅਦ 5 ਮੈਚਾਂ ਦੀ ਟੀ20 ਲੜੀ ‘ਚ ਫਿਲਹਾਲ ਦੋਵੇਂ ਟੀਮਾਂ 2-2 ਨਾਲ ਬਰਾਬਰੀ ‘ਤੇ ਹਨ। ਅੰਤਮ ਮੈਚ 20 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਲੜੀ 23 ਮਾਰਚ ਤੋਂ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ ਪੁਣੇ ਵਿਖੇ ਸ਼ੁਰੂ ਹੋਵੇਗੀ। ਤਿੰਨੇ ਮੈਚ ਇਕੋ ਮੈਦਾਨ ‘ਤੇ ਖੇਡੇ ਜਾਣਗੇ।
ਵਨਡੇ ਟੀਮ ‘ਚ ਇਹ ਖਿਡਾਰੀ ਸ਼ਾਮਲ ਹਨ :
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਸ਼੍ਰੇਅਸ ਅਇਯਰ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ, ਕੇ.ਐਲ. ਰਾਹੁਲ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਕੁਨਾਲ ਪਾਂਡਿਆ, ਵਾਸ਼ਿੰਗਟਨ ਸੁੰਦਰ, ਟੀ. ਨਟਰਾਜਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ ਅਤੇ ਸ਼ਾਰਦੁਲ ਠਾਕੁਰ।

Video Ad
Video Ad