ਈਰਾਨ ਵਿਚ ਮਹਿਲਾਵਾਂ ਨਾਲ ਪ੍ਰਦਰਸ਼ਨ ਕਰ ਰਹੀ 20 ਸਾਲਾ ਲੜਕੀ ਨੁੂੰ ਪੁਲਿਸ ਨੇ ਮਾਰੀਆਂ ਗੋਲੀਆਂ, ਮੌਤ

ਤਹਿਰਾਨ, 26 ਸਤੰਬਰ, ਹ.ਬ. : ਈਰਾਨ ’ਚ ਹਿਜਾਬ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ 20 ਸਾਲਾ ਹਦੀਸ ਨਜਫੀ ਦੀ ਪੁਲਸ ਗੋਲੀਬਾਰੀ ’ਚ ਮੌਤ ਹੋਣ ਦੀ ਖ਼ਬਰ ਹੈ। ਉਸ ਦੀ ਮੌਤ ਨਾਲ ਸਬੰਧਤ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹਨ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਤਹਿਰਾਨ ਤੋਂ ਦੂਰ ਸਥਿਤ ਕਾਰਾਜ ਸ਼ਹਿਰ ’ਚ ਹਦੀਸ ਕਈ ਔਰਤਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਉਸ ਨੂੰ 6 ਗੋਲੀਆਂ ਮਾਰੀਆਂ।
ਮਹਸਾ ਅਮੀਨੀ ਦੀ 16 ਸਤੰਬਰ ਨੂੰ ਈਰਾਨ ਵਿੱਚ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਿਜਾਬ ਅਤੇ ਸਖ਼ਤ ਪਾਬੰਦੀਆਂ ਖ਼ਿਲਾਫ਼ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਨ੍ਹਾਂ ’ਚ ਹੁਣ ਤੱਕ ਚਾਰ ਔਰਤਾਂ ਸਮੇਤ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪ੍ਰਦਰਸ਼ਨਾਂ ਤੋਂ ਘਬਰਾ ਕੇ ਅਤੇ ਦਮਨ ’ਚ ਆਈ ਈਰਾਨ ਦੀ ਕੱਟੜਪੰਥੀ ਸਰਕਾਰ ਨੇ ਕੁਝ ਦਿਨ ਪਹਿਲਾਂ ਇੰਟਰਨੈੱਟ ਬੰਦ ਕਰ ਦਿੱਤਾ ਸੀ। ਇਸ ਲਈ ਉਥੋਂ ਬਹੁਤ ਘੱਟ ਜਾਣਕਾਰੀ ਸਾਹਮਣੇ ਆ ਰਹੀ ਹੈ। ਪੁਲਿਸ ਹਿਰਾਸਤ ਵਿਚ ਮਹਿਸਾ ਦੀ ਮੌਤ ਤੋਂ ਬਾਅਦ ਪ੍ਰਦਰਸ਼ਨ ਦੀ ਕਮਾਨ ਸੰਭਾਲਣ ਵਾਲੀਆਂ ਔਰਤਾਂ ਜਾਂ ਲੜਕੀਆਂ ਵਿਚ ਨਜਫੀ ਸਭ ਤੋਂ ਅੱਗੇ ਸੀ ਅਤੇ ਇਸੇ ਕਾਰਨ ਉਹ ਇਬਰਾਹਿਮ ਰਾਇਸੀ ਸਰਕਾਰ ਦੀ ਅੱਖਾਂ ਦੀ ਕਿਰਕਿਰੀ ਬਣ ਗਈ ਸੀ।
20 ਸਾਲਾ ਵਿਦਿਆਰਥਣ ਨਜਫੀ ਨੇ ਪੁਲਿਸ ਦੇ ਸਾਹਮਣੇ ਵੀ ਹਿਜਾਬ ਨਹੀਂ ਪਾਇਆ ਸੀ ਅਤੇ ਉਸ ਦੇ ਸਾਹਮਣੇ ਆਪਣੇ ਵਾਲ ਵੀ ਕੱਟ ਦਿੱਤੇ ਸਨ। ਸ਼ਨੀਵਾਰ ਨੂੰ ਕਰਾਜ ’ਚ ਅਜਿਹੇ ਹੀ ਇਕ ਪ੍ਰਦਰਸ਼ਨ ਦੌਰਾਨ ਪੁਲਸ ਨੇ ਨਜਫੀ ’ਤੇ 6 ਗੋਲੀਆਂ ਚਲਾਈਆਂ।
ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਜਫੀ ਦੇ ਪਰਿਵਾਰ ਨੇ ਉਸ ਦੀ ਮੌਤ ਤੋਂ ਬਾਅਦ ਅੰਤਿਮ ਸਸਕਾਰ ਦੀ ਵੀਡੀਓ ਜਾਰੀ ਕੀਤੀ ਹੈ। ਅਜਿਹੇ ਕਈ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਹਾਲਾਂਕਿ ਹੁਣ ਤੱਕ ਕਿਸੇ ਵੀ ਨਿਊਜ਼ ਏਜੰਸੀ ਨੇ ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਨਜਫੀ ਦੀ ਯਾਦ ਵਿੱਚ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਕਈ ਵੀਡੀਓਜ਼ ਵੀ ਸਾਹਮਣੇ ਆਏ ਹਨ।
ਐਲਨ ਮਸਕ ਨੇ ਈਰਾਨ ਲਈ ਸਟਾਰਲਿੰਕ ਸੈਟੇਲਾਈਟ ਸੇਵਾ ਸ਼ੁਰੂ ਕੀਤੀ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਆਮ ਈਰਾਨੀਆਂ ਨੂੰ ਇਹ ਸੇਵਾ ਲੈਣ ਵਿੱਚ ਕਾਫੀ ਦਿੱਕਤਾਂ ਆ ਸਕਦੀਆਂ ਹਨ। ਇਸ ਦਾ ਕਾਰਨ ਤਕਨੀਕੀ ਹੈ। ਦਰਅਸਲ, ਸਟਾਰਲਿੰਕ ਤੋਂ ਇੰਟਰਨੈੱਟ ਐਕਸੈਸ ਲਈ ਟਰਮੀਨਲ ਬਣਾਉਣੇ ਪੈਣਗੇ। ਬਹੁਤ ਘੱਟ ਉਮੀਦ ਹੈ ਕਿ ਈਰਾਨ ਸਰਕਾਰ ਉਨ੍ਹਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇਵੇਗੀ।
ਹਾਲਾਂਕਿ, ਜੇਕਰ ਕੋਈ ਟਰਮੀਨਲ ਲਗਾ ਲੈਂਦਾ ਹੈ ਤਾਂ ਉਹ ਸਟਾਰਲਿੰਕ ਰਾਹੀਂ ਬਾਹਰੀ ਦੁਨੀਆ ਨਾਲ ਜੁੜ ਸਕਦਾ ਹੈ। ਦੂਜੇ ਪਾਸੇ ਕਾਰਨੇਗੀ ਐਂਡੋਮੈਂਟ ਸੈਂਟਰ ਨਾਲ ਜੁੜੇ ਈਰਾਨ ਮਾਮਲਿਆਂ ਦੇ ਵਿਸ਼ਲੇਸ਼ਕ ਕਰੀਮ ਸਾਦਜਾਦਪੋਰ ਦੇ ਅਨੁਸਾਰ, ਈਰਾਨ ਦਾ ਇੰਟਰਨੈਟ ਬੰਦ ਹੋਣਾ ਇੱਕ ਖਤਰਨਾਕ ਸੰਕੇਤ ਹੈ। ਪਿਛਲੀ ਵਾਰ ਜਦੋਂ ਈਰਾਨ ਨੇ ਇੰਟਰਨੈੱਟ ਬੰਦ ਕੀਤਾ ਸੀ, ਤਦ 1500 ਲੋਕ ਮਾਰੇ ਗਏ ਸਨ।

Video Ad
Video Ad