Home ਕਰੋਨਾ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਆਈਸੋਲੇਟ

ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਆਈਸੋਲੇਟ

0
ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਹੋਇਆ ਕੋਰੋਨਾ, ਖੁਦ ਨੂੰ ਕੀਤਾ ਆਈਸੋਲੇਟ

ਦੇਹਰਾਦੂਨ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਇਕ ਵਾਰ ਫਿਰ ਭਾਰਤ ‘ਚ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਗਏ ਹਨ। ਉਨ੍ਹਾਂ ਨੇ ਡਾਕਟਰਾਂ ਦੀ ਨਿਗਰਾਨੀ ‘ਚ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਤੀਰਥ ਸਿੰਘ ਰਾਵਤ ਨੇ ਟਵੀਟ ਕੀਤਾ, “ਮੇਰੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਠੀਕ ਹਾਂ ਅਤੇ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਮੈਂ ਖੁਦ ਨੂੰ ਡਾਕਟਰਾਂ ਦੀ ਨਿਗਰਾਨੀ ‘ਚ ਆਈਸੋਲੇਟ ਕਰ ਲਿਆ ਹੈ। ਤੁਹਾਡੇ ‘ਚੋਂ ਜਿਹੜੇ ਵੀ ਲੋਕ ਪਿਛਲੇ ਕੁਝ ਦਿਨਾਂ ‘ਚ ਮੇਰੇ ਸੰਪਰਕ ‘ਚ ਆਏ ਹਨ, ਕਿਰਪਾ ਕਰਕੇ ਸਾਵਧਾਨ ਰਹਿਣ ਅਤੇ ਆਪਣੀ ਜਾਂਚ ਕਰਵਾਉਣ।”
ਦੱਸ ਦੇਈਏ ਕਿ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਸੋਮਵਾਰ ਤੋਂ ਤਿੰਨ ਦਿਨ ਦੇ ਦਿੱਲੀ ਦੌਰੇ ‘ਤੇ ਜਾਣ ਵਾਲੇ ਸਨ। ਉਨ੍ਹਾਂ ਨੇ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨੀ ਸੀ। ਉਨ੍ਹਾਂ ਨੇ ਆਪਣੀ ਦਿੱਲੀ ਫ਼ੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਮੇਤ ਕੇਂਦਰੀ ਮੰਤਰੀਆਂ ਨੂੰ ਹਰਿਦੁਆਰ ਵਿਖੇ ਕੁੰਭ ਆਉਣ ਦਾ ਸੱਦਾ ਦੇਣਾ ਸੀ। ਫਿਲਹਾਲ, ਉਹ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਦਿੱਲੀ ਨਹੀਂ ਜਾ ਸਕਣਗੇ।
ਤੀਰਥ ਸਿੰਘ ਰਾਵਤ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਕੋਰੋਨਾ ਪਾਜ਼ੀਟਿਵ ਹੋ ਚੁੱਕੇ ਹਨ। ਉਨ੍ਹਾਂ ਦਾ ਇਲਾਜ ਏਮਜ਼ ਵਿਖੇ ਕੀਤਾ ਗਿਆ ਸੀ। ਇਹ ਚਿੰਤਾ ਦੀ ਗੱਲ ਹੈ ਕਿ ਉਤਰਾਖੰਡ ‘ਚ ਪਿਛਲੇ 2 ਮਹੀਨੇ ਦੌਰਾਨ ਇਸ ਹਫ਼ਤੇ ਸਭ ਤੋਂ ਵੱਧ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੂਬੇ ‘ਚ ਪਿਛਲੇ ਹਫ਼ਤੇ ਕੋਰੋਨਾ ਦੇ ਕੁੱਲ 557 ਨਵੇਂ ਮਰੀਜ਼ ਮਿਲੇ ਸਨ। ਇਹ ਪਿਛਲੇ ਦੋ ਮਹੀਨਿਆਂ ਦੌਰਾਨ ਇਕ ਹਫ਼ਤੇ ‘ਚ ਸਭ ਤੋਂ ਵੱਧ ਮਰੀਜ਼ ਹਨ। ਇਸ ਹਫ਼ਤੇ ਲਾਗ ਦੀ ਦਰ ਵੀ 0.79% ਰਹੀ ਹੈ।