Home ਤਾਜ਼ਾ ਖਬਰਾਂ ਉਤਰਾਖੰਡ ਦੇ ਸੀਐਮ ਦਾ ਇਕ ਹੋਰ ਵਿਵਾਦਤ ਬਿਆਨ – ‘ਦੋ ਬੱਚੇ ਪੈਦਾ ਕੀਤੇ ਇਸ ਲਈ ਘੱਟ ਰਾਸ਼ਨ ਮਿਲਿਆ, ਜੇ 20 ਕੀਤੇ ਹੁੰਦੇ ਤਾਂ ਵੱਧ ਮਿਲਦਾ’

ਉਤਰਾਖੰਡ ਦੇ ਸੀਐਮ ਦਾ ਇਕ ਹੋਰ ਵਿਵਾਦਤ ਬਿਆਨ – ‘ਦੋ ਬੱਚੇ ਪੈਦਾ ਕੀਤੇ ਇਸ ਲਈ ਘੱਟ ਰਾਸ਼ਨ ਮਿਲਿਆ, ਜੇ 20 ਕੀਤੇ ਹੁੰਦੇ ਤਾਂ ਵੱਧ ਮਿਲਦਾ’

0
ਉਤਰਾਖੰਡ ਦੇ ਸੀਐਮ ਦਾ ਇਕ ਹੋਰ ਵਿਵਾਦਤ ਬਿਆਨ – ‘ਦੋ ਬੱਚੇ ਪੈਦਾ ਕੀਤੇ ਇਸ ਲਈ ਘੱਟ ਰਾਸ਼ਨ ਮਿਲਿਆ, ਜੇ 20 ਕੀਤੇ ਹੁੰਦੇ ਤਾਂ ਵੱਧ ਮਿਲਦਾ’

ਦੇਹਰਾਦੂਨ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ, ਜੋ ਪਿਛਲੇ ਕਈ ਦਿਨਾਂ ਤੋਂ ‘ਫਟੀ ਜੀਨਸ’ ਬਾਰੇ ਬਿਆਨ ਨੂੰ ਲੈ ਕੇ ਚਰਚਾ ‘ਚ ਰਹੇ ਹਨ, ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ, ਜਿਸ ‘ਤੇ ਵਿਵਾਦ ਪੈਦਾ ਹੋ ਸਕਦਾ ਹੈ।
ਰਾਮਨਗਰ ਵਿਖੇ ਅੰਤਰਰਾਸ਼ਟਰੀ ਜੰਗਲਾਤ ਦਿਵਸ ‘ਤੇ ਆਯੋਜਿਤ ਇਕ ਪ੍ਰੋਗਰਾਮ ‘ਚ ਤੀਰਥ ਸਿੰਘ ਰਾਵਤ ਨੇ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਵੰਡੇ ਗਏ ਅਨਾਜ ਸਬੰਧੀ ਇਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਵੰਡੇ ਗਏ ਚੌਲਾਂ ਨੂੰ ਵੇਖ ਕੇ ਜਲਨ ਹੋਣ ਲੱਗੀ ਕਿ 2 ਮੈਂਬਰਾਂ ਵਾਲਿਆਂ ਨੂੰ 10 ਕਿਲੋ, ਜਦਕਿ 20 ਮੈਂਬਰਾਂ ਵਾਲਿਆਂ ਨੂੰ 1 ਕੁਇੰਟਲ ਅਨਾਜ ਕਿਉਂ ਦਿੱਤਾ ਗਿਆ?
ਉਨ੍ਹਾਂ ਕਿਹਾ, “ਇਸ ‘ਚ ਦੋਸ਼ ਕਿਸ ਦਾ ਹੈ, ਉਸ ਨੇ 20 ਪੈਦਾ ਕੀਤੇ, ਤੁਸੀਂ 2 ਪੈਦਾ ਕੀਤੇ ਤਾਂ ਇਸ ਲਈ ਉਸ ਨੂੰ ਇਕ ਕੁਇੰਟਲ ਮਿਲ ਰਿਹਾ ਹੈ, ਇਸ ਲਈ ਜਲਨ ਕਿਉਂ ਹੋ ਰਹੀ ਹੈ। ਜਦੋਂ ਸਮਾਂ ਸੀ, ਉਦੋਂ ਤੁਸੀਂ ਸਿਰਫ਼ 2 ਪੈਦਾ ਕੀਤੇ, ਤੁਸੀਂ 20 ਕਿਉਂ ਨਹੀਂ ਕੀਤੇ?” ਇਸ ਦੌਰਾਨ ਮੁੱਖ ਮੰਤਰੀ ਨੇ ਕਿਸੇ ਧਰਮ ਜਾਂ ਜਾਤੀ ਦਾ ਨਾਮ ਨਹੀਂ ਲਿਆ।

ਜਾਣੋ ਕੀ ਕਿਹਾ ਸੀ ਤੀਰਥ ਸਿੰਘ ਰਾਵਤ ਨੇ?
ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ‘ਚ ਕਿਹਾ ਸੀ, “ਮੈਂ ਇਕ ਵਾਰ ਜਹਾਜ਼ ‘ਚ ਜਦੋਂ ਬੈਠਾ ਸੀ ਤਾਂ ਮੇਰੇ ਨਾਲ ਇਕ ਔਰਤ ਬੈਠੀ ਹੋਈ ਸੀ। ਮੈਂ ਉਨ੍ਹਾਂ ਨੂੰ ਵੇਖਿਆ ਤਾਂ ਹੇਠਾਂ ਗਮਬੂਟ ਸਨ। ਜਦੋਂ ਹੋਰ ਉੱਪਰ ਦੇਖਿਆ ਤਾਂ ਗੋਡੇ ਫਟੇ (ਜੀਨਸ) ਹੋਏ ਸਨ। ਹੱਥ ਦੇਖੇ ਤਾਂ ਕਈ ਕੜੇ ਸਨ।”
ਰਾਵਤ ਨੇ ਕਿਹਾ ਸੀ, “ਜਦੋਂ ਗੋਡੇ ਦੇਖੇ ਅਤੇ ਦੋ ਬੱਚੇ ਨਾਲ ਦਿਖੇ ਤਾਂ ਮੇਰੇ ਪੁੱਛਣ ‘ਤੇ ਪਤਾ ਲੱਗਾ ਕਿ ਪਤੀ ਜੇਐਨਯੂ ‘ਚ ਪ੍ਰੋਫੈਸਰ ਹੈ ਅਤੇ ਉਹ ਖ਼ੁਦ ਕੋਈ ਐਨਜੀਓ ਚਲਾਉਂਦੀ ਹੈ। ਜੋ ਐਨਜੀਓ ਚਲਾਉਂਦੀ ਹੈ, ਉਨ੍ਹਾਂ ਦੇ ਗੋਡੇ ਦਿਖਦੇ ਹਨ। ਔਰਤਾਂ ਫਟੀ ਹੋਈ ਜੀਨਸ ਪਹਿਨ ਕੇ ਚੱਲ ਰਹੀਆਂ ਹਨ, ਕੀ ਇਹ ਸਭ ਸਹੀ ਹੈ? ਇਹ ਕਿਹੋ ਜਿਹੇ ਸੰਸਕਾਰ ਹਨ? ਬੱਚਿਆਂ ਦੇ ਸੰਸਕਾਰ ਉਨ੍ਹਾਂ ਦੇ ਮਾਪਿਆਂ ਉੱਤੇ ਨਿਰਭਰ ਕਰਦੇ ਹਨ।”

ਤੀਰਥ ਸਿੰਘ ਰਾਵਤ ਨੂੰ ਮੰਗਣੀ ਪਈ ਸੀ ਮਾਫ਼ੀ
ਇਸ ਬਿਆਨ ਮਗਰੋਂ ਚਾਰੇ ਪਾਸੀਓਂ ਹੋਈ ਨਿਖੇਧੀ ਤੋਂ ਬਾਅਦ ਤੀਰਥ ਸਿੰਘ ਰਾਵਤ ਨੇ ਮਾਫ਼ੀ ਮੰਗ ਲਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਹ ਬਿਆਨ ਸੰਸਕਾਰਾਂ ਦੇ ਪ੍ਰਸੰਗ ‘ਚ ਸੀ। ਜੇ ਕਿਸੇ ਨੇ ਫਟੀ ਹੋਈ ਜੀਨਸ ਪਹਿਨਣੀ ਹੈ ਤਾਂ ਪਹਿਨੇ। ਜੇ ਉਨ੍ਹਾਂ ਦੇ ਬਿਆਨ ਤੋਂ ਕਿਸੇ ਨੂੰ ਦੁੱਖ ਹੋਇਆ ਹੈ ਤਾਂ ਉਹ ਮਾਫ਼ੀ ਮੰਗਦੇ ਹਨ। ਤੀਰਥ ਸਿੰਘ ਰਾਵਤ ਨੇ ਕਿਹਾ ਕਿ ਪਹਿਰਾਵੇ ‘ਤੇ ਉਨ੍ਹਾਂ ਦੀ ਟਿੱਪਣੀ ਭਾਰਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਉੱਤੇ ਕੇਂਦਰਿਤ ਸੀ। ਉਨ੍ਹਾਂ ਦਾ ਉਦੇਸ਼ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਔਰਤਾਂ ਦਾ ਸਤਿਕਾਰ ਮੇਰੇ ਲਈ ਹਮੇਸ਼ਾ ਸਰਵਉੱਤਮ ਰਿਹਾ ਹੈ। ਰਾਵਤ ਨੇ ਕਿਹਾ ਕਿ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮਾਫ਼ੀ ਮੰਗਦੇ ਹਨ। ਹਰ ਕੋਈ ਆਪਣੀ ਪਸੰਦ ਦੇ ਕੱਪੜੇ ਪਾਉਣ ਲਈ ਸੁਤੰਤਰ ਹੈ।