ਉਤਰਾਖੰਡ ਵਿਚ ਬੱਸ ਖੱਡ ਵਿਚ ਡਿੱਗੀ, 25 ਮੌਤਾਂ, 50 ਬਰਾਤੀ ਸਨ ਸਵਾਰ

ਚੰਡੀਗੜ੍ਹ, 5 ਅਕਤੂਬਰ, ਹ.ਬ. : ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਬੱਸ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ’ਚ 25 ਲੋਕਾਂ ਦੀ ਮੌਤ ਹੋ ਗਈ ਹੈ। ਇਹ ਬੱਸ ਬਰਾਤੀਆਂ ਲੈ ਕੇ ਹਰਿਦੁਆਰ ਦੇ ਲਾਲਧਾਂਗ ਤੋਂ ਕਾਰਗਾਓਂ ਜਾ ਰਹੀ ਸੀ। ਸਿਮਦੀ ਪਿੰਡ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਖੱਡ ਵਿੱਚ ਜਾ ਡਿੱਗੀ।ਇਹ ਹਾਦਸਾ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਬੀਰਖਲ ਇਲਾਕੇ ਵਿੱਚ ਰਾਤ ਕਰੀਬ 8 ਵਜੇ ਵਾਪਰਿਆ। ਰਾਤ ਹੋਣ ਕਾਰਨ ਬਚਾਅ ਕਾਰਜ ਵਿਚ ਦਿੱਕਤ ਆਈ। ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕ ਪਹੁੰਚ ਗਏ ਅਤੇ ਬਚਾਅ ਕਾਰਜ ਵਿੱਚ ਮਦਦ ਕੀਤੀ। ਹਨ੍ਹੇਰਾ ਹੋਣ ਕਾਰਨ ਮੋਬਾਈਲ ਦੀ ਫਲੈਸ਼ ਲਾਈਟ ਨਾਲ ਲਾਸ਼ਾਂ ਅਤੇ ਜ਼ਖ਼ਮੀਆਂ ਦੀ ਭਾਲ ਕੀਤੀ ਗਈ। ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਸ ਵਿੱਚ ਕਰੀਬ 50 ਲੋਕ ਸਵਾਰ ਸਨ। ਪੁਲਿਸ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਟੀਮ ਨੇ 21 ਲੋਕਾਂ ਨੂੰ ਬਚਾਇਆ ਹੈ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੁਪਹਿਰ ਕਰੀਬ 1 ਵਜੇ ਉੱਤਰਾਖੰਡ ਪੁਲਿਸ ਨੇ ਕਿਹਾ, 9 ਲੋਕਾਂ ਨੂੰ ਬਚਾ ਲਿਆ ਗਿਆ ਹੈ। 6 ਜ਼ਖਮੀਆਂ ਨੂੰ ਬੀਰੋਨਖਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ’ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਇਲਾਜ ਲਈ ਕੋਟਦੁਆਰ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਚਾਏ ਗਏ 2 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਨ੍ਹੇਰਾ ਹੋਣ ਕਾਰਨ ਬਚਾਅ ਕਾਰਜਾਂ ’ਚ ਦਿੱਕਤ ਆਈ। ਬੁੱਧਵਾਰ ਸਵੇਰ ਤੱਕ ਬਾਕੀ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਫੋਨ ’ਤੇ ਹੀ ਮੌਕੇ ’ਤੇ ਪੁੱਜਣ ਦੀ ਹਦਾਇਤ ਕੀਤੀ ਸੀ। ਬਚਾਅ ਕਾਰਜ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਖੁਦ ਡਿਜ਼ਾਸਟਰ ਕੰਟਰੋਲ ਰੂਮ ਪਹੁੰਚੇ।

Video Ad
Video Ad