ਟੋਰਾਂਟੋ, 31 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਨਵੀਆਂ ਬੰਦਿਸ਼ਾਂ ਲਾਗੂ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨਟਾਰੀਓ ਵਾਸੀਆਂ ਨੂੰ ਸੰਬੋਧਤ ਹੁੰਦਿਆਂ ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਸਖ਼ਤ ਤੋਂ ਸਖ਼ਤ ਲੌਕਡਾਊਨ ਵੀ ਲਾਗੂ ਕੀਤਾ ਜਾ ਸਕਦਾ ਹੈ। ਉਨਟਾਰੀਓ ਵਿਚ ਮੰਗਲਵਾਰ ਨੂੰ 2336 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਜਦਕਿ 14 ਜਣੇ ਦਮ ਤੋੜ ਗਏ। ਕ੍ਰਿਟੀਕਲ ਕੇਅਰ ਸਰਵਿਸਿਜ਼ ਉਨਟਾਰੀਓ ਨੇ ਦੱਸਿਆ ਕਿ ਸੋਮਵਾਰ ਤੋਂ ਮੰਗਲਵਾਰ ਤੱਕ 46 ਜਣਿਆਂ ਨੂੰ ਇੰਟੈਂਸਿਵ ਕੇਅਰ ਯੂਨਿਟ ਵਿਚ ਲਿਜਾਣਾ ਪਿਆ ਅਤੇ ਆਈ.ਸੀ.ਯੂ. ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ 400 ਤੋਂ ਟੱਪ ਗਈ।

