ਉਨਟਾਰੀਓ ’ਚ 18 ਸਾਲ ਵਾਲਿਆਂ ਨੂੰ ਵੀ ਲੱਗਣਗੇ ਟੀਕੇ

ਟੋਰਾਂਟੋ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਵੈਕਸੀਨੇਸ਼ਨ ਦੇ ਦੂਜੇ ਗੇੜ ਦੌਰਾਨ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਟੀਕੇ ਲਾਏ ਜਾਣਗੇ ਬਾਸ਼ਰਤੇ ਉਹ ਹੌਟ-ਸਪੌਟ ਇਲਾਕਿਆਂ ਨਾਲ ਸਬੰਧਤ ਹੋਣ। ਪ੍ਰੀਮੀਅਰ ਡਗ ਫ਼ੋਰਡ ਨੇ ਦੱਸਿਆ ਕਿ ਬੇਹੱਦ ਪ੍ਰਭਾਵਤ ਇਲਾਕਿਆਂ ਵਿਚ ਮੋਬਾਈਲ ਟੀਮਾਂ ਭੇਜੀਆਂ ਜਾਣਗੀਆਂ ਅਤੇ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਬਾਸ਼ਿੰਦਿਆਂ ਨੂੰ ਵੈਕਸੀਨੇਟ ਕੀਤਾ ਜਾਵੇਗਾ।

Video Ad

ਦੱਸ ਦੇਈਏ ਕਿ ਅਗਲੇ ਹਫ਼ਤੇ ਤੋਂ ਟੋਰਾਂਟੋ ਅਤੇ ਪੀਲ ਰੀਜਨ ਦੇ ਸਾਰੇ ਐਜੁਕੇਸ਼ਨ ਵਰਕਰ ਵੈਕਸੀਨੇਸ਼ਨ ਦੇ ਯੋਗ ਮੰਨੇ ਜਾਣਗੇ ਅਤੇ ਇਨ੍ਹਾਂ ਨੂੰ ਟੀਕੇ ਲਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਹੌਟ-ਸਪੌਟ ਇਲਾਕਿਆਂ ਦੇ ਵੱਡੇ ਕਾਰਖਾਨਿਆਂ ਜਾਂ ਕੰਮ ਵਾਲੀਆਂ ਥਾਵਾਂ ’ਤੇ ਸਾਰੇ ਬਾਲਗ ਕਾਮਿਆਂ ਨੂੰ ਵੈਕਸੀਨੇਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਉਨ੍ਹਾਂ ਥਾਵਾਂ ’ਤੇ ਟੀਕੇ ਲਾਉਣ ਦੀ ਜ਼ਰੂਰਤ ਹੈ ਜਿਥੇ ਵੱਡਾ ਅਤੇ ਤੁਰਤ ਅਸਰ ਸਾਹਮਣੇ ਆਵੇ। ਡਗ ਫ਼ੋਰਡ ਨੇ ਦੱਸਿਆ ਕਿ ਮੋਬਾਈਲ ਟੀਮਾਂ ਰਿਹਾਇਸ਼ੀ ਇਮਾਰਤਾਂ, ਧਾਰਮਿਕ ਸਥਾਨਾਂ ਅਤੇ ਵੱਧ ਖ਼ਤਰੇ ਵਾਲੇ ਇਲਾਕਿਆਂ ਜਾ ਕੇ ਵੈਕਸੀਨੇਸ਼ਨ ਦਾ ਕੰਮ ਨੇਪਰੇ ਚਾੜ੍ਹਨਗੀਆਂ। ਇਹ ਸ਼ੁਰੂਆਤ ਟੋਰਾਂਟੋ ਅਤੇ ਪੀਲ ਰੀਜਨ ਤੋਂ ਕੀਤੀ ਜਾ ਰਹੀ ਹੈ ਜਿਥੇ ਨਵੇਂ ਮਰੀਜ਼ ਸਾਹਮਣੇ ਆਉਣ ਦੀ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ।

 

Video Ad