ਉਨਟਾਰੀਓ ’ਚ 28 ਦਿਨ ਦਾ ਲੌਕਡਾਊਨ ਸ਼ਨਿੱਚਰਵਾਰ ਤੋਂ

ਟੋਰਾਂਟੋ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ 28 ਦਿਨ ਦੇ ਲੌਕਡਾਊਨ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਸ਼ਨਿੱਚਰਵਾਰ ਤੋਂ ਸੂਬੇ ਦੀਆਂ ਸਾਰੀਆਂ 34 ਪਬਲਿਕ ਹੈਲਥ ਯੂਨਿਟਸ ਵਿਚ ਬੰਦਿਸ਼ਾਂ ਲਾਗੂ ਹੋ ਜਾਣਗੀਆਂ। ਰੈਸਟੋਰੈਂਟਸ ਵਿਚ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ ਅਤੇ ਜਿੰਮ ਬੰਦ ਰਹਿਣਗੇ। ਵਿਆਹਾਂ ਅਤੇ ਅੰਤਮ ਰਸਮਾਂ ਨੂੰ ਛੱਡ ਕੇ ਹਰ ਕਿਸਮ ਦੇ ਸਮਾਜਿਕ ਇਕੱਠ ਕਰਨ ਦੀ ਪੂਰੀ ਤਰ੍ਹਾਂ ਮਨਾਹੀ ਹੋਵੇਗੀ। ਪ੍ਰੀਮੀਅਰ ਡਗ ਫ਼ੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵਾਸਤੇ ਕੋਰੋਨਾ ਵੈਕਸੀਨ ਦੇ ਲੱਖਾਂ ਟੀਕੇ ਆ ਰਹੇ ਹਨ ਪਰ ਉਨ੍ਹਾਂ ਨੂੰ ਸਮਾਂ ਲੱਗ ਸਕਦਾ ਹੈ ਪਰ ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਤੁਰਤ ਅਹਿਤਿਆਤੀ ਕਦਮ ਉਠਾਏ ਜਾਣੇ ਲਾਜ਼ਮੀ ਹੋ ਗਏ ਸਨ। ਦੱਸ ਦੇਈਏ ਕਿ ਲੌਕਡਾਊਨ ਦੌਰਾਨ ਇੰਡੋਰ ਇਕੱਠ ਵਿਚ ਸਿਰਫ਼ ਪਰਵਾਰਕ ਮੈਂਬਰ ਮੌਜੂਦ ਰਹਿ ਸਕਣਗੇ ਜਦਕਿ ਆਊਟਡੋਰ ਇਕੱਠ ਸਿਰਫ਼ ਪੰਜ ਜਣਿਆਂ ਤੱਕ ਸੀਮਤ ਰਹੇਗਾ ਪਰ ਇਸ ਦੌਰਾਨ ਫ਼ਿਜ਼ੀਕਲ ਡਿਸਟੈਂਸਿੰਗ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਵਿਆਹਾਂ, ਅੰਤਮ ਰਸਮਾਂ ਅਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਇੰਡੋਰ ਥਾਵਾਂ ਦੀ ਕੁਲ ਸਮਰੱਥਾ ਦਾ ਸਿਰਫ਼ 15 ਫ਼ੀ ਸਦੀ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ। ਜ਼ਰੂਰੀ ਵਸਤਾਂ ਵਾਲੇ ਸਟੋਰ 50 ਫ਼ੀ ਸਦੀ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ ਜਦਕਿ ਰਿਟੇਲ ਸਟੋਰਾਂ ਨੂੰ ਸਿਰਫ਼ 25 ਫ਼ੀ ਸਦੀ ਗਾਹਕ ਅੰਦਰ ਸੱਦਣ ਦੀ ਇਜਾਜ਼ਤ ਹੋਵੇਗੀ। ਰੈਸਟੋਰੈਂਟ ਸਿਰਫ਼ ਹੋਮ ਡਿਲੀਵਰੀ ਜਾਂ ਟੇਕ-ਆਊਟ ਸੇਵਾਵਾਂ ਦੇ ਸਕਣਗੇ।

Video Ad
Video Ad