ਊਧਵ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ ; ਅਨਿਲ ਦੇਸ਼ਮੁਖ ਵਿਰੁੱਧ ਸੀਬੀਆਈ ਜਾਂਚ ਜਾਰੀ ਰਹੇਗੀ

ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਅਤੇ ਉਸ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਦੋਵਾਂ ਨੇ ਬੰਬੇ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ‘ਚ 100 ਕਰੋੜ ਦੀ ਵਸੂਲੀ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਸਨ। ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਦੇਸ਼ਮੁਖ ‘ਤੇ ਵਸੂਲੀ ਦਾ ਟੀਚਾ ਦੇਣ ਦਾ ਦੋਸ਼ ਲਾਇਆ ਸੀ।

Video Ad

ਪਟੀਸ਼ਨ ਖ਼ਾਰਜ ਹੋਣ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦੋਸ਼ਾਂ ਨੂੰ ਗੰਭੀਰ ਕਰਾਰ ਦਿੱਤਾ ਅਤੇ ਇਸ ਦੀ ਸੁਤੰਤਰ ਜਾਂਚ ਦੀ ਲੋੜ ਦੱਸੀ। ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਜਸਟਿਸ ਐਸ.ਕੇ. ਕੌਲ ਨੇ ਕਿਹਾ, “ਦੋਸ਼ ਗੰਭੀਰ ਹਨ। ਗ੍ਰਹਿ ਮੰਤਰੀ ਅਤੇ ਪੁਲਿਸ ਕਮਿਸ਼ਨਰ ਇਸ ‘ਚ ਸ਼ਾਮਲ ਹਨ। ਉਹ ਦੋਵੇਂ ਇਕ ਅਹੁਦੇ ‘ਤੇ ਸਨ ਅਤੇ ਇਕੱਠੇ ਕੰਮ ਕਰ ਰਹੇ ਸਨ। ਕੀ ਸੀਬੀਆਈ ਨੂੰ ਇਸ ਦੀ ਜਾਂਚ ਨਹੀਂ ਕਰਨੀ ਚਾਹੀਦੀ?” ਦੋਸ਼ਾਂ ਦੀ ਗੰਭੀਰਤਾ ਅਤੇ ਇਸ ‘ਚ ਸ਼ਾਮਲ ਲੋਕਾਂ ਨੂੰ ਵੇਖਦਿਆਂ ਇਸ ਦੀ ਸੁਤੰਤਰ ਜਾਂਚ ਦੀ ਲੋੜ ਹੈ।”

ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ‘ਚ ਉੱਚ ਅਹੁਦਿਆਂ ‘ਤੇ ਬੈਠੇ ਹੋਏ ਲੋਕ ਸ਼ਾਮਲ ਹਨ। ਇਸ ਮਾਮਲੇ ‘ਚ ਅਨਿਲ ਦੇਸ਼ਮੁਖ ਵੱਲੋਂ ਅਦਾਲਤ ‘ਚ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇਕ ਹੋਣਾ ਚਾਹੀਦਾ ਹੈ। ਇਹ ਨਹੀਂ ਹੋ ਸਕਦਾ ਕਿ ਕਿਸੇ ਪੁਲਿਸ ਕਮਿਸ਼ਨਰ ਨੇ ਕੁਝ ਕਿਹਾ ਹੈ ਤਾਂ ਉਸ ਦੇ ਸ਼ਬਦ ਸਬੂਤ ਬਣ ਜਾਣਗੇ।

ਸਿੱਬਲ ਨੇ ਕਿਹਾ ਕਿ ਦੇਸ਼ਮੁਖ ਦਾ ਪੱਖ ਸੁਣੇ ਬਗੈਰ ਕੋਈ ਮੁਢਲੀ ਜਾਂਚ ਨਹੀਂ ਕੀਤੀ ਜਾ ਸਕਦੀ। ਐਸਆਈਟੀ ਪ੍ਰੈੱਸ ਕਾਨਫ਼ਰੰਸ ਦੇ ਅਧਾਰ ‘ਤੇ ਜਾਂਚ ਕਰ ਰਹੀ ਹੈ। ਇਸ ‘ਤੇ ਅਦਾਲਤ ਨੇ ਕਿਹਾ, “ਇਹ ਤੁਹਾਡੇ (ਅਨਿਲ ਦੇਸ਼ਮੁਖ) ਦੁਸ਼ਮਣ ਨਹੀਂ ਹਨ, ਜਿਨ੍ਹਾਂ ਨੇ ਤੁਹਾਡੇ ਵਿਰੁੱਧ ਦੋਸ਼ ਲਗਾਏ ਹਨ, ਸਗੋਂ ਇਹ ਦੋਸ਼ ਅਜਿਹੇ ਸ਼ਖ਼ਸ ਨੇ ਲਗਾਇਆ ਹੈ, ਜੋ ਤੁਹਾਡਾ ਸੱਜਾ ਹੱਥ (ਪਰਮਬੀਰ ਸਿੰਘ) ਹੁੰਦਾ ਸੀ।” ਜਸਟਿਸ ਕੌਲ ਨੇ ਇਹ ਵੀ ਕਿਹਾ, “ਜਾਂਚ ਦੋਵਾਂ ਦੀ ਹੋਣੀ ਚਾਹੀਦੀ ਹੈ।”

ਸੁਪਰੀਮ ਕੋਰਟ ‘ਚ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਇਸ ਕੇਸ ‘ਚ ਮਹਾਰਾਸ਼ਟਰ ਸਰਕਾਰ ਅਤੇ ਦੇਸ਼ਮੁਖ ਦੀਆਂ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਕਾਂਗਰਸੀ ਨੇਤਾ ਅਤੇ ਵਕੀਲ ਕਪਿਲ ਸਿੱਬਲ ਨੇ ਅਨਿਲ ਦੇਸ਼ਮੁਖ ਦੀ ਵਕਾਲਤ ਕੀਤੀ। ਇਸ ਦੇ ਨਾਲ ਹੀ ਅਭਿਸ਼ੇਕ ਮਨੂੰ ਸਿੰਘਵੀ ਨੇ ਮਹਾਰਾਸ਼ਟਰ ਸਰਕਾਰ ਦੀ ਵਕਾਲਤ ਕੀਤੀ।

ਫ਼ੈਸਲੇ ਤੋਂ ਪਹਿਲਾਂ ਕਪਿਲ ਸਿੱਬਲ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਸੁਪਰੀਮ ਕੋਰਟ ਕੋਈ ਅਜਿਹਾ ਨਿਯਮ ਬਣਾਵੇ ਕਿ ਜੇ ਵੱਡੇ ਅਹੁਦੇ ‘ਤੇ ਬੈਠਾ ਵਿਅਕਤੀ ਕਿਸੇ ਹੋਰ ਵੱਡੇ ਵਿਅਕਤੀ ‘ਤੇ ਦੋਸ਼ ਲਗਾਉਂਦਾ ਹੈ ਤਾਂ ਇਸ ਦੀ ਸਿੱਧੀ ਜਾਂਚ ਹੋਣੀ ਚਾਹੀਦੀ ਹੈ।” ਇਸ ‘ਤੇ ਜਸਟਿਸ ਗੁਪਤਾ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਅਜਿਹੀ ਸਥਿਤੀ ਨਾ ਆਵੇ, ਜਿੱਥੇ ਡੀਜੀਪੀ, ਗ੍ਰਹਿ ਮੰਤਰੀ ‘ਤੇ ਇਲਜ਼ਾਮ ਲਗਾਏ।”
ਦੇਸ਼ਮੁੱਖ ਨੇ ਪਰਮਬੀਰ ਵਿਰੁੱਧ ਕੀ ਦੋਸ਼ ਲਗਾਇਆ ਸੀ?

ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ 25 ਮਾਰਚ ਨੂੰ ਬੰਬੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਅਨਿਲ ਦੇਸ਼ਮੁਖ ਵਿਰੁੱਧ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਪਰਮਬੀਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਦੇਸ਼ਮੁਖ ਨੇ ਮੁਅੱਤਲ ਕੀਤੇ ਗਏ ਪੁਲਿਸ ਅਧਿਕਾਰੀ ਸਚਿਨ ਵਾਜੇ ਸਮੇਤ ਹੋਰ ਅਧਿਕਾਰੀਆਂ ਨੂੰ ਬਾਰਾਂ ਤੇ ਰੈਸਟੋਰੈਂਟਾਂ ਤੋਂ 100 ਕਰੋੜ ਰੁਪਏ ਦੀ ਵਸੂਲੀ ਲਈ ਕਿਹਾ ਸੀ। ਇਸ ਅਰਜ਼ੀ ‘ਤੇ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਇਕ ਅਸਾਧਾਰਣ ਕੇਸ ਹੈ, ਜਿਸ ਦੀ ਸੁਤੰਤਰ ਤੇ ਨਿਰਪੱਖ ਜਾਂਚ ਦੀ ਲੋੜ ਹੈ।

Video Ad