Home ਤਾਜ਼ਾ ਖਬਰਾਂ ਏਅਰਪੋਰਟ ’ਤੇ ਪਰਵਾਸੀ ਭਾਰਤੀ ਦੇ ਬੈਗ ਵਿਚੋਂ ਮਿਲਿਆ ਰਿਵਾਲਵਰ

ਏਅਰਪੋਰਟ ’ਤੇ ਪਰਵਾਸੀ ਭਾਰਤੀ ਦੇ ਬੈਗ ਵਿਚੋਂ ਮਿਲਿਆ ਰਿਵਾਲਵਰ

0


ਅੰਮ੍ਰਿਤਸਰ, 19 ਅਪ੍ਰੈਲ, ਹ.ਬ. : ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਾਹੀਂ ਸੋਮਵਾਰ ਦੇਰ ਸ਼ਾਮ ਕੋਲਕਾਤਾ ਜਾ ਰਹੇ ਗੁਰਦਾਸਪੁਰ ਦੇ ਰਹਿਣ ਵਾਲੇ ਬਜ਼ੁਰਗ ਦੇ ਬੈਗ ’ਚੋਂ .32 ਬੋਰ ਦਾ ਰਿਵਾਲਵਰ ਮਿਲਣ ਦੀ ਖ਼ਬਰ ਹੈ। ਹਾਲਾਂਕਿ ਬਜ਼ੁਰਗ ਕੋਲੋਂ ਮਿਲਿਆ ਰਿਵਾਲਵਰ ਲਾਇਸੈਂਸ ਵਾਲਾ ਹੈ ਪਰ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ। ਥਾਣਾ ਏਅਰਪੋਰਟ ਦੀ ਪੁਲਸ ਨੇ ਬਜ਼ੁਰਗ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਏਅਰਪੋਰਟ ਸਟੇਸ਼ਨ ਇੰਚਾਰਜ ਕਿਰਨਦੀਪ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੇ ਪਿੰਡ ਰਣਜੀਤ ਬਾਗ ਦਾ ਰਹਿਣ ਵਾਲਾ ਦਰਸ਼ਨ ਸਿੰਘ (76) ਬੀਤੀ ਸ਼ਾਮ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੋਲਕਾਤਾ ਲਈ ਇੰਡੀਗੋ ਦੀ ਫਲਾਈਟ ਲੈ ਕੇ ਜਾਣ ਵਾਲਾ ਸੀ। ਇਸ ਦੌਰਾਨ ਜਦੋਂ ਉਸ ਦੇ ਬੈਗ ਦੀ ਸਕੈਨਿੰਗ ਕੀਤੀ ਗਈ ਤਾਂ ਇੱਕ .32 ਬੋਰ ਦਾ ਰਿਵਾਲਵਰ ਮਿਲਿਆ। ਇਸ ਤੋਂ ਬਾਅਦ ਏਅਰਲਾਈਨ ਦੇ ਸਹਾਇਕ ਮੈਨੇਜਰ ਅਜੇ ਕੁਮਾਰ ਨੇ ਬਜ਼ੁਰਗ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬਜ਼ੁਰਗ ਦੇ ਬੈਗ ’ਚੋਂ ਮਿਲਿਆ ਰਿਵਾਲਵਰ ਲਾਇਸੈਂਸੀ ਸੀ ਪਰ ਬਜ਼ੁਰਗ ਦੇ ਲਾਇਸੈਂਸ ਦੀ ਮਿਆਦ ਖਤਮ ਹੋ ਚੁੱਕੀ ਹੈ, ਜੋ ਕਿ ਕੋਲਕਾਤਾ ਤੋਂ ਬਣਿਆ ਸੀ। ਇੰਸਪੈਕਟਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਕੋਲਕਾਤਾ ਰਹਿੰਦਾ ਸੀ ਪਰ ਬਾਅਦ ਵਿੱਚ ਉਥੋਂ ਕੈਨੇਡਾ ਚਲਾ ਗਿਆ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਦਰਸ਼ਨ ਸਿੰਘ ਕੈਨੇਡਾ ਤੋਂ ਵਾਪਸ ਆਇਆ ਸੀ ਤਾਂ ਉਹ ਆਪਣੇ ਰਿਵਾਲਵਰ ਦਾ ਲਾਇਸੈਂਸ ਰੀਨਿਊ ਕਰਵਾਉਣ ਲਈ ਕੋਲਕਾਤਾ ਜਾਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਅਜੈ ਕੁਮਾਰ ਦੇ ਬਿਆਨਾਂ ’ਤੇ ਪੁਲਸ ਨੇ ਬਜ਼ੁਰਗ ਦਰਸ਼ਨ ਸਿੰਘ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।