ਏਅਰਫ਼ੋਰਸ ਦਾ ਮਿਗ-21 ਜਹਾਜ਼ ਹਾਦਸਾਗ੍ਰਸਤ; ਗਰੁੱਪ ਕੈਪਟਨ ਏ. ਗੁਪਤਾ ਸ਼ਹੀਦ

ਨਵੀਂ ਦਿੱਲੀ, 17 ਮਾਰਜ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਹਵਾਈ ਫ਼ੌਜ ਦਾ ਮਿਗ-21 ਬਾਈਸਨ +ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਵਾਈ ਫ਼ੌਜ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੁੱਧਵਾਰ ਸਵੇਰੇ ਸੈਂਟਰਲ ਇੰਡੀਆ ‘ਚ ਇਕ ਏਅਰਬੇਸ ਤੋਂ ਕਾਂਬੈਟ ਟ੍ਰੇਨਿੰਗ ਮਿਸ਼ਨ ਲਈ ਰਵਾਨਾ ਹੋਣ ਸਮੇਂ ਮਿਗ-21 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਇੰਡੀਅਨ ਏਅਰਫ਼ੋਰਸ ਗਰੁੱਪ ਦੇ ਕੈਪਟਨ ਏ. ਗੁਪਤਾ ਸ਼ਹੀਦ ਹੋ ਗਏ। ਹਵਾਈ ਫ਼ੌਜ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ।
ਭਾਰਤੀ ਹਵਾਈ ਫ਼ੌਜ ਨੇ ਟਵੀਟ ਕਰਕੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਭਾਰਤੀ ਹਵਾਈ ਸੈਨਾ ਨੇ ਕਿਹਾ, “ਇਸ ਦੁਖਦਾਈ ਹਾਦਸੇ ‘ਚ ਭਾਰਤੀ ਹਵਾਈ ਫ਼ੌਜ ਨੇ ਆਪਣੇ ਗਰੁੱਪ ਕੈਪਟਨ ਏ. ਗੁਪਤਾ ਨੂੰ ਖੋਹ ਦਿੱਤਾ ਹੈ। ਇੰਡੀਅਨ ਏਅਰਫ਼ੋਰਸ ਇਸ ਦੁੱਖ ਦੀ ਘੜੀ ‘ਚ ਪਰਿਵਾਰ ਦੇ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਅਤੇ ਦ੍ਰਿੜਤਾ ਨਾਲ ਖੜ੍ਹੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ।”
ਕੀ ਹੈ ਮਿਗ-21 ਬਾਈਸਨ ਫਾਈਟਰ ਲੜਾਕੂ ਜਹਾਜ਼
ਇੰਡੀਅਨ ਏਅਰ ਫ਼ੋਰਸ ਨੇ ਸਾਲ 1961 ‘ਚ ਮਿਕੋਯਾਨ-ਗੁਰੇਬਿਚ ਡਿਜ਼ਾਈਨ ਬਿਊਰੋ ਵੱਲੋਂ ਤਿਆਰ ਕੀਤੇ ਮਿਗ-21 ਜਹਾਜ਼ ਨੂੰ ਹਾਸਲ ਕੀਤਾ ਸੀ। ਇਸ ‘ਚ ਇਕ ਇੰਜਨ ਅਤੇ ਇਕ ਸੀਟ ਹੁੰਦੀ ਹੈ। ਇਹ ਵੱਖ-ਵੱਖ ਭੂਮਿਕਾ ਨਿਭਾਉਣ ਵਾਲਾ ਲੜਾਕੂ ਜਹਾਜ਼ ਹੈ, ਜੋ ਹਵਾ ‘ਚੋਂ ਜ਼ਮੀਨ ‘ਤੇ ਸਟੀਕ ਨਿਸ਼ਾਨਾ ਲਗਾਉਣ ਦੇ ਸਮਰੱਥ ਹੈ। ਇਹ ਜਹਾਜ਼ ਲੰਮੇ ਸਮੇਂ ਤੋਂ ਭਾਰਤੀ ਹਵਾਈ ਫ਼ੌਜ ਦੀ ਰੀੜ ਦੀ ਹੱਡੀ ਰਿਹਾ ਹੈ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 2230 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ 23 ਮਿਲੀਮੀਟਰ ਦੇ ਦੋ ਬੈਰਲ ਤੋਪ ਨਾਲ 4 ਆਰ-60 ਲੜਾਕੂ ਮਿਜ਼ਾਈਲਾਂ ਲਿਜਾ ਸਕਦਾ ਹੈ।

Video Ad
Video Ad