ਐਂਟੀਲੀਆ ਕੇਸ : ਐਨਆਈਏ ਅਦਾਲਤ ਨੇ ਸਚਿਨ ਵਾਜੇ ਨੂੰ 23 ਅਪ੍ਰੈਲ ਤਕ ਨਿਆਂਇਕ ਹਿਰਾਸਤ ‘ਚ ਭੇਜਿਆ

ਮੁੰਬਈ, 9 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਐਂਟੀਲੀਆ ਮਾਮਲੇ ‘ਚ ਗ੍ਰਿਫ਼ਤਾਰ ਮੁੰਬਈ ਪੁਲਿਸ ਦੇ ਮੁਅੱਤਲ ਏਪੀਆਈ ਸਚਿਨ ਵਾਜੇ ਨੂੰ ਐਨਆਈਏ ਅਦਾਲਤ ਨੇ 23 ਅਪ੍ਰੈਲ ਤਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਹੁਣ ਤਕ ਉਨ੍ਹਾਂ ਨੂੰ ਐਨਆਈਏ ਦੀ ਹਿਰਾਸਤ ‘ਚ ਰੱਖਿਆ ਗਿਆ ਸੀ। ਇਸ ਦੀ ਮਿਆਦ ਸ਼ੁੱਕਰਵਾਰ ਨੂੰ ਖ਼ਤਮ ਹੋ ਰਹੀ ਸੀ। ਇਸ ਲਈ ਜਾਂਚ ਏਜੰਸੀ ਨੇ ਇਸ ਨੂੰ ਅਦਾਲਤ ‘ਚ ਪੇਸ਼ ਕੀਤਾ ਸੀ। ਸਚਿਨ ਵਾਜੇ ਨਾਲ ਹੀ ਜੁੜੇ ਮਨਸੁਖ ਹੀਰੇਨ ਦੀ ਹੱਤਿਆ ਮਾਮਲੇ ‘ਚ ਹੋਰ ਜਾਂਚ ਦੀ ਗੱਲ ਕਹਿ ਕੇ ਐਨਆਈਏ ਨੇ ਵਾਜੇ ਦੀ ਪੁਲਿਸ ਹਿਰਾਸਤ ਵਧਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਸੁਣਵਾਈ ਦੌਰਾਨ ਸਚਿਨ ਵਾਜੇ ਦੇ ਵਕੀਲ ਨੇ ਉਨ੍ਹਾਂ ਨੂੰ ਜੇਲ ‘ਚ ਸੁਰੱਖਿਅਤ ਸੈੱਲ ‘ਚ ਰੱਖਣ ਦੀ ਮੰਗ ਕੀਤੀ।

Video Ad

ਅਦਾਲਤ ਨੇ ਸੁਣਵਾਈ ਦੌਰਾਨ ਸੀਬੀਆਈ ਦੀ ਉਸ ਪਟੀਸ਼ਨ ਨੂੰ ਵੀ ਸਵੀਕਾਰ ਕਰ ਲਿਆ, ਜਿਸ ‘ਚ ਉਸ ਨੇ ਐਨਆਈਏ ਵੱਲੋਂ ਜ਼ਬਤ ਕੀਤੇ ਸਬੂਤਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਗੱਲ ਕਹੀ ਸੀ। ਅਦਾਲਤ ‘ਚ ਪੇਸ਼ ਹੋਣ ਤੋਂ ਪਹਿਲਾਂ ਹੀ ਸੀਬੀਆਈ ਦੀ ਟੀਮ ਨੇ ਸਚਿਨ ਵਾਜੇ ਤੋਂ ਤੀਜੀ ਵਾਰ ਪੁੱਛਗਿੱਛ ਕੀਤੀ ਸੀ। ਇੱਥੇ ਐਨਆਈਏ ਦੀ ਟੀਮ ਨੇ ਇਸ ਮਾਮਲੇ ‘ਚ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਦਾ ਬਿਆਨ ਵੀ ਦੋ ਵਾਰ ਦਰਜ ਕੀਤਾ ਹੈ। ਪ੍ਰਦੀਪ ਸ਼ਰਮਾ ਤੋਂ ਬੁੱਧਵਾਰ ਨੂੰ 8 ਘੰਟੇ ਅਤੇ ਵੀਰਵਾਰ ਨੂੰ 9 ਘੰਟੇ ਪੁੱਛਗਿੱਛ ਕੀਤੀ ਗਈ। ਸੂਤਰਾਂ ਅਨੁਸਾਰ ਐਨਆਈਏ ਨੂੰ ਸ਼ੱਕ ਹੈ ਕਿ ਸਚਿਨ ਵਾਜੇ ਦੇ ਪੂਰੇ ਖੇਡ ‘ਚ ਪ੍ਰਦੀਪ ਸ਼ਰਮਾ ਦਾ ਵੀ ਹੱਥ ਹੋ ਸਕਦਾ ਹੈ।

7 ਅਪ੍ਰੈਲ ਦੀ ਪੇਸ਼ੀ ਤੋਂ ਬਾਅਦ ਸਚਿਨ ਵਾਜੇ ਦਾ ਇਕ ਲਿਖਤੀ ਬਿਆਨ ਮੀਡੀਆ ‘ਚ ਲੀਕ ਹੋ ਗਿਆ ਸੀ। ਇਸ ‘ਚ ਉਸ ਨੇ ਅਨਿਲ ਦੇਸ਼ਮੁਖ ਦੇ ਨਾਲ-ਨਾਲ ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ‘ਤੇ ਵੀ ਦੋਸ਼ ਲਗਾਏ ਸਨ। ਇਹ ਬਿਆਨ ਸਚਿਨ ਵਾਜੇ ਨੇ ਐਨਆਈਏ ਦੀ ਹਿਰਾਸਤ ‘ਚ ਰਹਿਣ ਦੌਰਾਨ ਦਿੱਤਾ ਸੀ। ਐਨਆਈਏ ਦੀ ਤਰਫ਼ੋਂ ਅਦਾਲਤ ‘ਚ ਬਿਆਨ ਲੀਕ ਹੋਣ ਦਾ ਮੁੱਦਾ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਜੱਜ ਨੇ ਸਚਿਨ ਵਾਜੇ ਦੇ ਵਕੀਲ ਅਬਾਦ ਪੋਂਡਾ ਨੂੰ ਪੁੱਛਿਆ ਕਿ ਇਹ ਪੱਤਰ ਕਿਵੇਂ ਲੀਕ ਹੋਇਆ। ਇਸ ਦਾ ਤਸੱਲੀਬਖਸ਼ ਜਵਾਬ ਨਾ ਦੇਣ ‘ਤੇ ਅਦਾਲਤ ਨੇ ਪੋਂਡਾ ਨੂੰ ਕਿਹਾ ਕਿ ਧਿਆਨ ਰੱਖਿਆ ਜਾਵੇ ਕਿ ਅੱਗੇ ਤੋਂ ਅਜਿਹਾ ਨਾ ਹੋਵੇ।

ਐਨਆਈਏ ਇਸ ਸਮੇਂ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਸਕਾਰਪੀਓ ਗੱਡੀ ‘ਚ ਮਿਲੇ ਵਿਸਫ਼ੋਟਕ ਅਤੇ ਸਕਾਰਪੀਓ ਮਾਲਕ ਮਨਸੁਖ ਹੀਰੇਨ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਪਹਿਲਾਂ ਹੀਰੇਨ ਦੇ ਕਤਲ ਦੀ ਜਾਂਚ ਮਹਾਰਾਸ਼ਟਰ ਦੇ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਨੇ ਸ਼ੁਰੂ ਕੀਤੀ ਸੀ ਅਤੇ ਸਾਬਕਾ ਕਾਂਸਟੇਬਲ ਵਿਨਾਇਕ ਸ਼ਿੰਦੇ ਤੇ ਕ੍ਰਿਕਟ ਸੱਟੇਬਾਜ਼ ਰਾਜੇਸ਼ ਗੋਰੇ ਨੂੰ ਗ੍ਰਿਫ਼ਤਾਰ ਕੀਤਾ ਸੀ। ਸਚਿਨ ਵਾਜੇ 9 ਅਪ੍ਰੈਲ ਤਕ ਐਨਆਈਏ ਦੀ ਹਿਰਾਸਤ ‘ਚ ਸੀ। ਇਸ ਦੇ ਨਾਲ ਹੀ ਸ਼ਿੰਦੇ ਤੇ ਗੋਰੇ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

ਅਦਾਲਤ ‘ਚ ਪਿਛਲੀ ਸੁਣਵਾਈ ਦੌਰਾਨ ਸੋਲੀਸਿਟਰ ਜਨਰਲ ਨੇ ਉਸ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਅਧੀਨ 30 ਦਿਨਾਂ ਦੀ ਹਿਰਾਸਤ ‘ਚ ਰੱਖਣ ਦੀ ਮੰਗ ਕੀਤੀ ਸੀ। ਇਸ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਅਗਲੀ ਪੇਸ਼ੀ ਦੌਰਾਨ ਸਚਿਨ ਵਾਜੇ ਦੇ ਸਬੰਧ ‘ਚ ਇਕ ਵਿਸਥਾਰਤ ਸਿਹਤ ਰਿਪੋਰਟ ਪੇਸ਼ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਦੇ ਆਦੇਸ਼ਾਂ ‘ਤੇ ਬੀਤੇ ਵੀਰਵਾਰ ਨੂੰ ਸਚਿਨ ਵਾਜੇ ਦੀ ਪੂਰੀ ਸਿਹਤ ਜਾਂਚ ਕੀਤੀ ਗਈ ਸੀ।

ਵਾਜੇ ਦੀ ਹਿਰਾਸਤ ਲਈ ਸੀ.ਬੀ.ਆਈ. ਦੀ ਅਰਜ਼ੀ
ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵਿਰੁੱਧ 100 ਕਰੋੜ ਰੁਪਏ ਦੀ ਵਸੂਲੀ ਦੇ ਲਗਾਏ ਦੋਸ਼ ਮਾਮਲੇ ‘ਚ ਜਾਂਚ ਕਰਨ ਵਾਲੀ ਸੀ.ਬੀ.ਆਈ. ਨੇ ਵੀ ਸਚਿਨ ਵਾਜੇ ਦੀ ਹਿਰਾਸਤ ਲਈ ਅਦਾਲਤ ‘ਚ ਦੁਬਾਰਾ ਅਰਜ਼ੀ ਦਾਇਰ ਕੀਤੀ ਹੈ। ਅਰਜ਼ੀ ‘ਚ ਸੀਬੀਆਈ ਨੇ ਐਨਆਈਏ ਦੀ ਹਿਰਾਸਤ ‘ਚ ਮੌਜੂਦ ਵਾਝੇ ਦੀ ਡਾਇਰੀ ਦੀ ਜਾਂਚ ਦੀ ਮੰਗ ਕੀਤੀ ਹੈ, ਜਿਸ ‘ਚ ਉਸ ਨੇ ਪੈਸੇ ਦੇ ਲੈਣ-ਦੇਣ ਦਾ ਲੇਖਾ ਲਿਖਿਆ ਸੀ। ਇਹ ਡਾਇਰੀ ਕ੍ਰਾਈਮ ਇੰਟੈਲੀਜੈਂਸ ਯੂਨਿਟ ਦੇ ਇਕ ਲਾਕਰ ਤੋਂ ਬਰਾਮਦ ਕੀਤੀ ਗਈ ਸੀ। ਇਸ ਤੋਂ ਇਲਾਵਾ ਐਨਆਈਏ ਨੂੰ ਵਾਜੇ ਦੀ ਇਕ ਮਹਿਲਾ ਦੋਸਤ ਦੀ ਡਾਇਰੀ ਵੀ ਮਿਲੀ ਹੈ।

Video Ad