ਐਂਟੀਲੀਆ ਕੇਸ : ਐਨਆਈਏ ਨੇ ਸਚਿਨ ਵਾਝੇ ਦੇ ਦਫ਼ਤਰ ‘ਤੇ ਮਾਰਿਆ ਛਾਪਾ, ਮੋਬਾਈਲ ਫ਼ੋਨ ਤੇ ਆਈਪੈਡ ਜ਼ਬਤ ਕੀਤੇ

ਮੁੰਬਈ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੀ ਇਕ ਸ਼ੱਕੀ ਕਾਰ ਦੇ ਮਾਮਲੇ ‘ਚ ਕ੍ਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਦੇ ਸਾਬਕਾ ਮੁਖੀ ਸਚਿਨ ਵਾਝੇ ਦੇ ਦਫ਼ਤਰ ‘ਤੇ ਕੇਂਦਰੀ ਜਾਂਚ ਬਿਊਰੋ (ਐਨਆਈਏ) ਦੀ ਟੀਮ ਨੇ ਛਾਪੇਮਾਰੀ ਕੀਤੀ। ਜਾਂਚ ਸੋਮਵਾਰ ਰਾਤ 8 ਵਜੇ ਤੋਂ ਮੰਗਲਵਾਰ ਸਵੇਰੇ 4 ਵਜੇ ਤਕ ਕੀਤੀ ਗਈ। ਇਸ ਦੌਰਾਨ ਐਨਆਈਏ ਨੇ ਵਾਝੇ ਦਾ ਮੋਬਾਈਲ ਤੇ ਆਈਪੈਡ ਜ਼ਬਤ ਕਰ ਲਿਆ।
ਸੀਆਈਯੂ ਦਾ ਦਫ਼ਤਰ ਮੁੰਬਈ ਪੁਲਿਸ ਕਮਿਸ਼ਨਰ ਦੇ ਦਫ਼ਤਰ ‘ਚ ਹੀ ਹੈ। ਇਥੋਂ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਹੁਣ ਤਕ ਸੀਆਈਯੂ ਦੇ 10 ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ। ਐਨਆਈਏ ਦੇ ਆਈਜੀ ਅਨਿਲ ਸ਼ੁਕਲਾ ਐਂਟੀਲੀਆ ਕੇਸ ਦੀ ਜਾਂਚ ਦੀ ਅਗਵਾਈ ਕਰ ਰਹੇ ਹੈ। ਸ਼ੁਕਲਾ 1988 ਬੈਚ ਦੇ ਏਜੀਐਮਯੂਟੀ ਕੈਡਰ ਹਨ। ਉਹ ਸਚਿਨ ਵਾਝੇ ਦੇ ਦਫਤਰ ‘ਚ ਵੀ ਮੌਜੂਦ ਸਨ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ।
ਐਨਆਈਏ ਦੀ ਟੀਮ ਇਕ ਮਰਸੀਡੀਜ਼ ਨੂੰ ਵੀ ਜਾਂਚ ਲਈ ਦਫ਼ਤਰ ਲੈ ਕੇ ਆਈ ਹੈ। ਇਹ ਮਰਸੀਡੀਜ਼ ਸਚਿਨ ਵਾਝੇ ਕੇਸ ਨਾਲ ਜੁੜੀ ਹੋਈ ਹੈ। ਹਾਲਾਂਕਿ ਇਸ ਦੀ ਮਾਲਕਣ ਇਕ ਔਰਤ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੰਬਈ ਪੁਲਿਸ ਨੇ ਸਚਿਨ ਵਾਝੇ ਨੂੰ ਮੁਅੱਤਲ ਕਰ ਦਿੱਤਾ ਸੀ। ਸਚਿਨ ਵਾਝੇ ਨੂੰ ਬੀਤੀ ਸ਼ਨਿੱਚਰਵਾਰ ਦੇਰ ਰਾਤ ਐਨਆਈਏ ਨੇ ਗ੍ਰਿਫ਼ਤਾਰ ਕੀਤਾ ਸੀ। ਸਾਲ 2006 ‘ਚ ਮੁਅੱਤਲ ਕੀਤੇ ਗਏ ਸਚਿਨ ਵਾਝੇ ਸਾਲ 2020 ‘ਚ ਆਪਣੀ ਡਿਊਟੀ ‘ਤੇ ਵਾਪਸ ਪਰਤੇ ਸਨ, ਇਕ ਸਾਲ ਤੋਂ ਵੀ ਘੱਟ ਸਮੇਂ ‘ਚ ਉਨ੍ਹਾਂ ਨੂੰ ਮੁੜ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ।
ਸੂਤਰਾਂ ਅਨੁਸਾਰ ਐਨਆਈਏ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਚਿਨ ਵਾਝੇ ਕਈ ਸਾਲਾਂ ਤੋਂ ਨੌਕਰੀ ‘ਚ ਨਾ ਹੋਣ ਦੇ ਬਾਵਜੂਦ ਕਈ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਸੀ। ਉਸ ਦੀ ਪਤਨੀ ਦੇ ਨਾਮ ਵੀ ਕਰੋੜਾਂ ਰੁਪਏ ਦੀ ਜਾਇਦਾਦ ਹੈ। ਕੁਝ ਸਿਆਸੀ ਪਾਰਟੀਆਂ ਦੇ ਆਗੂ ਵੀ ਐਨਆਈਏ ਜਾਂਚ ਦੀ ਰਾਡਾਰ ‘ਤੇ ਹਨ।

Video Ad
Video Ad