ਐਂਟੀਲੀਆ ਕੇਸ ‘ਚ ਨਵਾਂ ਖੁਲਾਸਾ : ਸਚਿਨ ਵਾਜੇ ਨੇ ਹੀ ਖਰੀਦੀ ਸੀ ਸਕਾਰਪੀਓ ‘ਚੋਂ ਬਰਾਮਦ ਹੋਈਆਂ ਜੈਲੇਟਿਨ ਛੜਾਂ

ਮੁੰਬਈ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਖੜ੍ਹੀ ਸਕਾਰਪੀਓ, ਜਿਸ ‘ਚੋਂ 20 ਜੈਲੇਟਿਨ ਦੀਆਂ ਛੜਾਂ ਬਰਾਮਦ ਕੀਤੀਆਂ ਸਨ, ਨੂੰ ਇਸ ਕੇਸ ‘ਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਸਚਿਨ ਵਾਜੇ ਨੇ ਖਰੀਦੀਆਂ ਸਨ। ਇਸ ਦੀ ਪੁਸ਼ਟੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕੀਤੀ ਹੈ। ਹਾਲਾਂਕਿ ਐਨਆਈਏ ਨੇ ਇਹ ਨਹੀਂ ਦੱਸਿਆ ਹੈ ਕਿ ਇਨ੍ਹਾਂ ਛੜਾਂ ਨੂੰ ਕਦੋਂ ਤੇ ਕਿੱਥੋਂ ਖਰੀਦੀਆਂ ਸਨ। ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਇਹ ਛੜਾਂ ਨਾਗਪੁਰ ਦੀ ਸੋਲਰ ਇੰਡਸਟਰੀਜ਼ ਕੰਪਨੀ ‘ਚ ਬਣੀਆਂ ਸਨ।
ਜੈਲੇਟਿਨ ਛੜਾਂ ‘ਤੇ ਦਰਜ ਨਾਮ ਦੇ ਅਧਾਰ ‘ਤੇ ਐਨਆਈਏ ਛੇਤੀ ਹੀ ਕੰਪਨੀ ਦੇ ਲੋਕਾਂ ਨੂੰ ਬੁਲਾ ਕੇ ਪੁੱਛਗਿੱਛ ਕਰ ਸਕਦੀ ਹੈ। ਇਸ ਤੋਂ ਪਹਿਲਾਂ ਨਾਗਪੁਰ ਪੁਲਿਸ ਨੇ ਕੰਪਨੀ ਦੇ ਮਾਲਕ ਦਾ ਬਿਆਨ ਦਰਜ ਕੀਤਾ ਸੀ। ਬਰਾਮਦ ਹੋਈਆਂ ਛੜਾਂ ‘ਤੇ ਕੋਈ ਸੀਰੀਅਲ ਨੰਬਰ ਨਹੀਂ ਸੀ, ਪਰ ਜੇ ਐਨਆਈਏ ਨੂੰ ਉਸ ਡੱਬੇ ਦਾ ਪਤਾ ਲੱਗ ਜਾਂਦਾ ਹੈ, ਜਿਸ ਤੋਂ ਇਹ ਛੜਾਂ ਕੱਢੀਆਂ ਗਈਆਂ ਸਨ ਤਾਂ ਇਹ ਮਾਮਲਾ ਸੁਲਝਾਇਆ ਜਾ ਸਕਦਾ ਹੈ ਕਿ ਇਹ ਕਦੋਂ ਖਰੀਦੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਕਿਸ ਨੇ ਵੇਚਿਆ ਸੀ। ਹਰੇਕ ਬਾਕਸ ‘ਚ ਇਕ ਵਿਸ਼ੇਸ਼ ਕਿਊਆਰ ਕੋਡ ਹੁੰਦਾ ਹੈ, ਜਿਸ ਦਾ ਰਿਕਾਰਡ ਕੰਪਨੀ ਰੱਖਦੀ ਹੈ।
ਉੱਥੇ ਹੀ ਐਨਆਈਏ ਨੇ ਐਂਟੀਲੀਆ ਮਾਮਲੇ ‘ਚ 8ਵੀਂ ਕਾਰ ਬਰਾਮਦ ਕੀਤੀ ਹੈ। ਮਹਾਰਾਸ਼ਟਰ ਏਟੀਐਸ ਅਤੇ ਐਨਆਈਏ ਦੀ ਟੀਮ ਸਚਿਨ ਵਾਜੇ ਦੇ ਨਾਮ ‘ਤੇ ਰਜਿਸਟਰਡ ਕਾਲੇ ਰੰਗ ਦੀ ਆਡੀ ਕਾਰ (ਐਮਐਚ 04 ਐਫਜ਼ੈਡ 6561) ਦੀ ਭਾਲ ਕਰ ਰਹੀ ਸੀ। ਮਨਸੁਖ ਹੀਰੇਨ ਦੇ ਕਤਲ ‘ਚ ਇਸ ਕਾਰ ਦੀ ਕੀ ਭੂਮਿਕਾ ਹੈ ਅਤੇ ਕਿਸ ਨੇ ਇਸ ਦੀ ਵਰਤੋਂ ਕੀਤੀ? ਐਨਆਈਏ ਫਿਲਹਾਲ ਇਸ ਦੀ ਜਾਂਚ ਕਰ ਰਹੀ ਹੈ। ਐਨਆਈਏ ਨੂੰ ਸ਼ੱਕ ਹੈ ਕਿ ਸਚਿਨ ਵਾਜੇ ਨੇ ਮਨਸੁਖ ਹੀਰੇਨ ਦੀ ਮੌਤ ਤੋਂ ਠੀਕ ਪਹਿਲਾਂ ਇਸ ਆਡੀ ਕਾਰ ਦੀ ਵਰਤੋਂ ਕੀਤੀ ਸੀ।
ਇਸ ਤੋਂ ਪਹਿਲਾਂ ਏਟੀਐਸ ਨੇ ਐਨਆਈਏ ਨੂੰ ਸੌਂਪੀ ਆਪਣੀ ਜਾਂਚ ਰਿਪੋਰਟ ‘ਚ ਸਚਿਨ ਵਾਜੇ ਵੱਲੋਂ ਇਕ ਆਡੀ ਕਾਰ ਦੀ ਵਰਤੋਂ ਕਰਨ ਦੀ ਗੱਲ ਕਹੀ ਸੀ। ਐਨਆਈਏ ਅਜੇ ਵੀ ਸਕੋਡਾ ਕਾਰ ਦੀ ਭਾਲ ਕਰ ਰਹੀ ਹੈ।

Video Ad

ਮਿਲਿੰਦ ਕਾਠੇ ਨੂੰ ਸੀ.ਆਈ.ਯੂ. ਦੀ ਕਮਾਨ
ਇੰਸਪੈਕਟਰ ਮਿਲਿੰਦ ਕਾਠੇ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ (ਸੀਆਈਯੂ) ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਸਾਬਕਾ ਮੁਖੀ ਸਚਿਨ ਵਾਜੇ ਦੀ ਗ੍ਰਿਫ਼ਤਾਰੀ ਅਤੇ ਮੁਅੱਤਲੀ ਤੋਂ ਬਾਅਦ ਇਸ ਅਹੁਦੇ ‘ਤੇ ਕਿਸ ਨੂੰ ਨਿਯੁਕਤ ਕੀਤਾ ਜਾਵੇਗਾ, ਇਸ ਨੂੰ ਲੈ ਕੇ ਅਟਕਲਾਂ ਲੱਗ ਰਹੀਆਂ ਸਨ। ਹਾਲ ਹੀ ‘ਚ ਅਪਰਾਧ ਸ਼ਾਖਾ ਤੋਂ 65 ਅਧਿਕਾਰੀਆਂ ਦੇ ਤਬਾਦਲੇ ਤੋਂ ਬਾਅਦ ਇੱਥੇ 24 ਨਵੇਂ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੋਗੇਸ਼ ਚਵਾਨ ਨੂੰ ਐਂਟੀ ਐਕਸਟੋਰੈਂਸ ਸਕੁਐਡ ਦੀ ਕਮਾਨ ਸੌਂਪੀ ਗਈ ਹੈ।

Video Ad