ਐਂਟੀਲੀਆ ਕੇਸ : ਸਚਿਨ ਵਾਜੇ ਦੀ ਪੁਲਿਸ ਹਿਰਾਸਤ 7 ਅਪ੍ਰੈਲ ਤਕ ਵਧਾਈ

ਮੁੰਬਈ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰੋਂ ਵਿਸਫ਼ੋਟਕ ਸਮੱਗਰੀ ਸਮੇਤ ਮਿਲੀ ਸਕਾਰਪੀਓ ਗੱਡੀ ਅਤੇ ਕਾਰੋਬਾਰੀ ਮਨਸੁਖ ਹੀਰੇਨ ਦੀ ਹੱਤਿਆ ਮਾਮਲੇ ‘ਚ ਗ੍ਰਿਫ਼ਤਾਰ ਮੁੰਬਈ ਪੁਲਿਸ ਦੇ ਮੁਅੱਤਲ ਸਹਾਇਕ ਪੁਲਿਸ ਇੰਸੈਪਕਟਰ ਸਚਿਨ ਵਾਜੇ ਦੀ ਪੁਲਿਸ ਹਿਰਾਸਤ 7 ਅਪ੍ਰੈਲ ਤਕ ਵਧਾ ਦਿੱਤੀ ਗਈ ਹੈ। ਵਿਸ਼ੇਸ਼ ਅਦਾਲਤ ਨੇ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਨੂੰ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਡਾਕਟਰੀ ਸਹੂਲਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਚਿਨ ਵਾਜੇ ਦੀ ਪੁਲਿਸ ਹਿਰਾਸਤ ਦੀ ਮਿਆਦ ਸ਼ਨਿੱਚਰਵਾਰ ਨੂੰ ਖ਼ਤਮ ਹੋਣ ਵਾਲੀ ਸੀ। ਇਸ ਦੇ ਮੱਦੇਨਜ਼ਰ ਐਨਆਈਏ ਦੀ ਟੀਮ ਸਚਿਨ ਵਾਜੇ ਨੂੰ ਲੈ ਕੇ ਵਿਸ਼ੇਸ਼ ਅਦਾਲਤ ਪਹੁੰਚੀ। ਉਸ ਨੂੰ ਅਦਾਲਤ ‘ਚ ਲਿਆਉਣ ਤੋਂ ਪਹਿਲਾਂ ਐਨਆਈਏ ਨੇ ਉਸ ਦੀ ਮੈਡੀਕਲ ਜਾਂਚ ਵੀ ਕਰਵਾਈ।

Video Ad

ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਜਾਂਚ ਏਜੰਸੀ ਨੂੰ 7 ਅਪ੍ਰੈਲ ਨੂੰ ਆਪਣੀ ਅਗਲੀ ਪੇਸ਼ੀ ਦੌਰਾਨ ਸਚਿਨ ਵਾਜੇ ਦੀ ਸਿਹਤ ਅਤੇ ਉਸ ਦੀਆਂ ਬਿਮਾਰੀਆਂ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਸਚਿਨ ਵਾਜੇ ਦੇ ਵਕੀਲ ਰੌਨਕ ਨਾਈਕ ਨੇ ਅਦਾਲਤ ਨੂੰ ਇਕ ਚਿੱਠੀ ਲਿਖੀ ਸੀ। ਇਸ ‘ਚ ਉਸ ਨੇ ਕਿਹਾ ਕਿ ਸਚਿਨ ਵਾਜੇ ਦੀ ਛਾਤੀ ‘ਚ ਦਰਦ ਦੇ ਨਾਲ-ਨਾਲ ਦਿਲ ‘ਚ 90% ਦੀਆਂ ਦੋ ਬਲਾਕੇਜ਼ ਹਨ। ਅਜਿਹੀ ਸਥਿਤੀ ‘ਚ ਸਚਿਨ ਵਾਜੇ ਨੂੰ ਉਨ੍ਹਾਂ ਦੇ ਕਾਰਡੀਓਲੋਜਿਸ਼ਟ ਨਾਲ ਮਿਲਾਇਆ ਜਾਵੇ ਤਾਂ ਜੋ ਉਨ੍ਹਾਂ ਦਾ ਡਾਕਟਰੀ ਇਲਾਜ ਸ਼ੁਰੂ ਹੋ ਸਕੇ।

ਦੂਜੇ ਪਾਸੇ, ਐਨਆਈਏ ਨੇ ਸਚਿਨ ਵਾਜੇ ਬਾਰੇ ਇਕ ਨਵਾਂ ਖੁਲਾਸਾ ਕੀਤਾ ਹੈ। ਸੂਤਰਾਂ ਅਨੁਸਾਰ ਸਚਿਨ ਵਾਜੇ ਕਥਿਤ ਤੌਰ ‘ਤੇ ਮੁੰਬਈ ਦੇ ਨਰੀਮਨ ਪੁਆਇੰਟ ‘ਤੇ ਪੰਜ ਸਿਤਾਰਾ ਹੋਟਲ ਦੇ ਇਕ ਕਮਰੇ ‘ਚ ਫ਼ਿਰੌਤੀ ਰੈਕੇਟ ਚਲਾ ਰਿਹਾ ਸੀ। ਇਹ ਕਮਰਾ ਜਾਵੇਰੀ ਬਾਜ਼ਾਰ ਦੇ ਇਕ ਵਪਾਰੀ ਵੱਲੋਂ 100 ਦਿਨਾਂ ਲਈ ਬੁੱਕ ਕੀਤਾ ਗਿਆ ਸੀ, ਜਿਸ ਲਈ 12 ਲੱਖ ਦਾ ਭੁਗਤਾਨ ਕੀਤਾ ਗਿਆ ਸੀ।

ਐਨਆਈਏ ਵੱਲੋਂ ਕੀਤੀ ਗਈ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸਚਿਨ ਵਾਜੇ ਲਈ ਮੁੰਬਈ ਦੇ ਇਕ ਟਰੈਵਲ ਏਜੰਟ ਨੇ ਇਕ ਸੋਨੇ ਦੇ ਵਪਾਰੀ ਦੇ ਕਹਿਣ ‘ਤੇ 19ਵੀਂ ਮੰਜ਼ਲ ‘ਤੇ ਕਮਰਾ ਨੰਬਰ-1964 ਬੁੱਕ ਕੀਤਾ ਸੀ। ਹੋਟਲ ‘ਚ ਚੈੱਕ ਇਨ ਸਮੇਂ ਜਿਹੜਾ ਆਈਡੀ ਪਰੂਫ ਦਿੱਤਾ ਗਿਆ ਸੀ, ਉਸ ‘ਚ ਸਚਿਨ ਵਾਜੇ ਦਾ ਨਾਮ ਸੁਸ਼ਾਂਤ ਸਦਾਸ਼ਿਵ ਖਾਮਕਾਰ ਵਜੋਂ ਦਰਜ ਕੀਤਾ ਗਿਆ ਸੀ। ਐਨਆਈਏ ਨੂੰ ਹੋਟਲ ‘ਚੋਂ ਕਈ ਸਬੂਤ ਮਿਲੇ ਹਨ। ਇਨ੍ਹਾਂ ‘ਚ ਸੀਸੀਟੀਵੀ ਫ਼ੁਟੇਜ਼, ਬੁਕਿੰਗ ਰਿਕਾਰਡ ਅਤੇ ਸਟਾਫ਼ ਦੇ ਬਿਆਨ ਸ਼ਾਮਲ ਹਨ।

Video Ad