Home ਭਾਰਤ ਐਂਟੀਲੀਆ ਕੇਸ : ਸਚਿਨ ਵਾਜੇ ਨੇ ਪਛਾਣ ਛੁਪਾਉਣ ਲਈ ਪਾਇਆ ਸੀ ਕੁੜਤਾ-ਪਜਾਮਾ

ਐਂਟੀਲੀਆ ਕੇਸ : ਸਚਿਨ ਵਾਜੇ ਨੇ ਪਛਾਣ ਛੁਪਾਉਣ ਲਈ ਪਾਇਆ ਸੀ ਕੁੜਤਾ-ਪਜਾਮਾ

0
ਐਂਟੀਲੀਆ ਕੇਸ : ਸਚਿਨ ਵਾਜੇ ਨੇ ਪਛਾਣ ਛੁਪਾਉਣ ਲਈ ਪਾਇਆ ਸੀ ਕੁੜਤਾ-ਪਜਾਮਾ

ਮੁੰਬਈ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਬਾਹਰੋਂ ਜੈਲੇਟਿਨ ਦੀਆਂ ਰਾਡਾਂ ਨਾਲ ਭਰੀ ਸਕਾਰਪੀਓ ਗੱਡੀ ਮਿਲਣ ਦੇ ਮਾਮਲੇ ‘ਚ ਮੁੰਬਈ ਕ੍ਰਾਈਮ ਬ੍ਰਾਂਚ ਦੇ ਮੁਅੱਤਲ ਅਧਿਕਾਰੀ ਸਚਿਨ ਵਾਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਹੁਣ ਕਿਹਾ ਹੈ ਕਿ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸਕਾਰਪੀਓ ਗੱਡੀ ਨੂੰ ਖੜ੍ਹਾ ਕਰਨ ਵਾਲਾ ਸ਼ਖ਼ਸ ਸਚਿਨ ਵਾਜੇ ਹੀ ਸੀ। ਸਚਿਨ ਵਾਜੇ ਨੇ ਆਪਣੀ ਪਛਾਣ ਲੁਕਾਉਣ ਲਈ ਆਕਾਰ ਦਾ ਕੁੜਤਾ-ਪਜਾਮਾ ਪਾਇਆ ਸੀ, ਨਾ ਕਿ ਪੀਪੀਈ ਕਿੱਟ।
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਇਕ ਵੱਡਾ ਖੁਲਾਸਾ ਕੀਤਾ ਕਿ ਸੀਸੀਟੀਵੀ ਫੁਟੇਜ਼ ‘ਚ ਨਜ਼ਰ ਆਇਆ ਪੀਪੀਈ ਕਿੱਟ ਵਾਲਾ ਸ਼ਖ਼ਸ ਸਚਿਨ ਵਾਜੇ ਸੀ। ਵਾਜੇ ਨੇ ਆਪਣੀ ਪਛਾਣ ਛੁਪਾਉਣ ਲਈ ਢਿੱਲਾ ਕੁੜਤਾ-ਪਜਾਮਾ ਪਾਇਆ ਸੀ ਅਤੇ ਸਿਰ ‘ਤੇ ਰੁਮਾਲ ਬੰਨ੍ਹਿਆ ਸੀ, ਜੋ ਕਿ ਪੀਪੀਈ ਕਿੱਟ ਵਰਗਾ ਨਜ਼ਰ ਆ ਰਿਹਾ ਸੀ।
ਐਨਆਈਏ ਨੇ ਦੱਸਿਆ ਕਿ ਏਜੰਸੀ ਨੇ ਮੰਗਲਵਾਰ ਨੂੰ ਵਾਜੇ ਦੇ ਦਫ਼ਤਰ ਤੋਂ ਇਕ ਲੈਪਟਾਪ ਜ਼ਬਤ ਕੀਤਾ ਸੀ। ਪਰ ਖਾਸ ਗੱਲ ਇਹ ਹੈ ਕਿ ਇਸ ‘ਚੋਂ ਸਾਰਾ ਡਾਟਾ ਡਿਲੀਟ ਕਰ ਦਿੱਤਾ ਗਿਆ ਹੈ। ਵਾਜੇ ਤੋਂ ਉਨ੍ਹਾਂ ਦਾ ਮੋਬਾਈਲ ਵੀ ਮੰਗਿਆ ਸੀ, ਜਿਸ ‘ਤੇ ਵਾਜੇ ਨੇ ਕਿਹਾ ਕਿ ਉਸ ਦਾ ਮੋਬਾਈਲ ਕਿਤੇ ਗੁੰਮ ਗਿਆ ਹੈ। ਜਦ ਕਿ ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਵਾਜੇ ਨੇ ਜਾਣਬੁੱਝ ਕੇ ਮੋਬਾਈਲ ਸੁੱਟ ਦਿੱਤਾ ਸੀ।
ਵਾਜੇ ਦਾ ਕਰੀਬੀ ਚਲਾ ਰਿਹਾ ਸੀ ਇਨੋਵਾ
ਇਸ ਤੋਂ ਪਹਿਲਾਂ ਐਨਆਈਏ ਦੇ ਸੂਤਰਾਂ ਨੇ ਕਿਹਾ ਸੀ ਕਿ ਉਹ ਸਚਿਨ ਵਾਜੇ ਹੀ ਸੀ, ਜੋ ਇਨੋਵਾ ਨੂੰ ਚਲਾ ਕੇ ਸਕੋਰਪੀਓ ਦੇ ਪਿੱਛੇ-ਪਿੱਛੇ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਤਕ ਗਏ ਸਨ। ਇਨੋਵਾ ਦੇ ਸਰਕਾਰੀ ਡਰਾਈਵਰ ਨੇ ਐਨਆਈਏ ਨੂੰ ਦੱਸਿਆ ਕਿ 24 ਫ਼ਰਵਰੀ ਨੂੰ ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਉਹ ਇਨੋਵਾ ਨੂੰ ਪੁਲਿਸ ਹੈੱਡ ਆਫਿਸ ਅੰਦਰ ਖੜ੍ਹਾ ਕਰਕੇ ਘਰ ਚਲਾ ਗਿਆ ਸੀ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਉੱਥੋਂ ਕਾਰ ਨੂੰ ਲੈ ਕੇ ਕੌਣ ਗਿਆ ਸੀ। ਰਜਿਸਟਰਾਂ ‘ਚ ਗੱਡੀ ਦੀ ਆਵਾਜਾਈ ਦੀ ਕੋਈ ਐਂਟਰੀ ਨਹੀਂ ਕੀਤੀ ਗਈ ਸੀ। ਅਧਿਕਾਰਤ ਨਿਯਮਾਂ ਅਨੁਸਾਰ ਸਰਕਾਰੀ ਗੱਡੀ ਦੇ ਆਉਣ-ਜਾਣ ਨੂੰ ਇਕ ਰਜਿਸਟਰ ‘ਚ ਨੋਟ ਕੀਤਾ ਜਾਂਦਾ ਹੈ। ਐਨਆਈਏ ਨੂੰ ਸ਼ੱਕ ਹੈ ਕਿ ਸਕਾਰਪੀਓ ਵਾਜੇ ਦਾ ਕੋਈ ਨਜ਼ਦੀਕੀ ਕਾਂਸਟੇਬਲ ਹੀ ਚਲਾ ਰਿਹਾ ਸੀ।
ਕੇਸ ‘ਚ ਮਰਸੀਡੀਜ਼ ਦੀ ਹੋਈ ਐਂਟਰੀ, ਕਈ ਸਬੂਤ ਹੱਥ ਲੱਗੇ
ਇਸੇ ਦੌਰਾਨ ਮੰਗਲਵਾਰ ਰਾਤ ਨੂੰ ਐਨਆਈਏ ਨੇ ਇਕ ਮਰਸੀਡੀਜ਼ ਕਾਰ ਜ਼ਬਤ ਕੀਤੀ ਹੈ। ਇਸ ‘ਚੋਂ 5 ਲੱਖ ਰੁਪਏ ਦੀ ਨਕਦੀ, ਨੋਟ ਗਿਣਨ ਵਾਲੀ ਮਸ਼ੀਨ, ਕੁਝ ਦਸਤਾਵੇਜ਼, ਕੱਪੜੇ, ਸਕੋਰਪੀਓ ਕਾਰ ਦੀ ਅਸਲ ਨੰਬਰ ਪਲੇਟ, ਕੈਰੋਸਿਨ ਅਤੇ ਬੀਅਰ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਇਸ ਕਾਰ ਦੀ ਵਰਤੋਂ ਸਿਰਫ਼ ਸਚਿਨ ਵਾਜੇ ਹੀ ਕਰਦੇ ਸਨ। ਮੰਨਿਆ ਜਾ ਰਿਹਾ ਹੈ ਕੈਰੋਸਿਨ ਦੀ ਵਰਤੋਂ ਪੀਪੀਈ ਕਿੱਟ ਨੂੰ ਸਾੜਨ ਲਈ ਕੀਤੀ ਗਈ ਸੀ। ਕਾਰ ‘ਤੇ ਨਕਲੀ ਨੰਬਰ ਪਲੇਟ ਲੱਗੀ ਸੀ। ਐਨਆਈਏ ਦੇ ਆਈਜੀ ਅਨਿਲ ਸ਼ੁਕਲਾ ਨੇ ਪੁਸ਼ਟੀ ਕੀਤੀ ਹੈ ਕਿ ਸਚਿਨ ਵਾਜੇ ਮਰਸੀਡੀਜ਼ ਕਾਰ ਦੀ ਵਰਤੋਂ ਕਰ ਰਹੇ ਸਨ। ਫਿਲਹਾਲ ਕਾਰ ਦੀ ਫ਼ੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।
ਕੀ ਹੈ ਮਾਮਲਾ?
ਬੀਤੀ 25 ਫ਼ਰਵਰੀ ਨੂੰ ਐਂਟੀਲੀਆ ‘ਚ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਜੈਲੇਟਿਨ ਦੀਆਂ ਰਾਡਾਂ ਨਾਲ ਭਰੀ ਇਕ ਸਕਾਰਪੀਓ ਗੱਡੀ ਮਿਲੀ ਸੀ। ਜਾਂਚ ‘ਚ ਪਤਾ ਲੱਗਿਆ ਸੀ ਕਿ ਇਸ ਸਕਾਰਪੀਓ ਦਾ ਮਾਲਕ ਕਾਰੋਬਾਰੀ ਮਨਸੁਖ ਹੀਰੇਨ ਸੀ। ਮਾਮਲਾ ਉਦੋਂ ਵੱਡਾ ਹੋ ਗਿਆ ਜਦੋਂ 3 ਮਾਰਚ ਨੂੰ ਮਨਸੁਖ ਦੀ ਲਾਸ਼ ਮਿਲੀ ਸੀ। ਬਾਅਦ ‘ਚ ਵਿਵਾਦ ਵਧਦੇ ਹੀ ਸਰਕਾਰ ਨੇ ਜਾਂਚ ਐਨਆਈਏ ਨੂੰ ਸੌਂਪ ਦਿੱਤੀ। ਐਨਆਈਏ ਅਤੇ ਏਟੀਐਸ ਐਂਟੀਲੀਆ ਸਕਾਰਪੀਓ ਕੇਸ ਅਤੇ ਮਨਸੁਖ ਹੀਰੇਨ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ।