Home ਭਾਰਤ ਐਂਟੀਲੀਆ ਕੇਸ : ਸਚਿਨ ਵਾਜੇ ਵਿਰੁੱਧ ਐਨਆਈਏ ਨੇ ਲਗਾਇਆ ਯੂਏਪੀਏ

ਐਂਟੀਲੀਆ ਕੇਸ : ਸਚਿਨ ਵਾਜੇ ਵਿਰੁੱਧ ਐਨਆਈਏ ਨੇ ਲਗਾਇਆ ਯੂਏਪੀਏ

0
ਐਂਟੀਲੀਆ ਕੇਸ : ਸਚਿਨ ਵਾਜੇ ਵਿਰੁੱਧ ਐਨਆਈਏ ਨੇ ਲਗਾਇਆ ਯੂਏਪੀਏ

ਮੁੰਬਈ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਐਂਟੀਲਿਆ ਮਾਮਲੇ ‘ਚ ਮੁੰਬਈ ਪੁਲਿਸ ਦੇ ਮੁਅੱਤਲ ਸਹਾਇਕ ਪੁਲਸ ਇੰਸੈਪਕਟਰ ਸਚਿਨ ਵਾਜੇ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਬੁੱਧਵਾਰ ਨੂੰ ਸਚਿਨ ਵਾਜੇ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਲਗਾਇਆ ਹੈ। ਇਹ ਧਾਰਾ ਅੱਤਵਾਦੀ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ਤਹਿਤ ਲਗਾਈ ਗਈ ਹੈ।
ਉੱਥੇ ਹੀ ਇਕ ਹੋਰ ਘਟਨਾ ‘ਚ ਸਚਿਨ ਵਾਝੇ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀ ਰਿਆਜ਼ ਕਾਜੀ ਸਰਕਾਰੀ ਗਵਾਹ ਬਣ ਗਿਆ ਹੈ। ਸਚਿਨ ਵਾਜੇ ਦੀ ਸੁਸਾਇਟੀ ਤੋਂ ਕਾਜੀ ਨੇ ਹੀ ਸੀਸੀਟੀਵੀ ਫੁਟੇਜ਼ ਜ਼ਬਤ ਕੀਤੀ ਸੀ। ਐਨਆਈਏ ਨੇ ਵਿਸ਼ੇਸ਼ ਅਦਾਲਤ ‘ਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਐਨਆਈਏ ਹੁਣ ਤਕ 4 ਵਾਰ ਕਾਜੀ ਤੋਂ ਪੁੱਛਗਿੱਛ ਕਰ ਚੁੱਕੀ ਹੈ।
ਐਨਆਈਏ ਨੇ ਮਨਸੁਖ ਹੀਰੇਨ ਦੀ ਮੌਤ ਦੇ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਮੁੰਬਈ ਏਟੀਐਸ ਨੇ ਗ੍ਰਿਫ਼ਤਾਰ ਕੀਤਾ ਸੀ। ਏਟੀਐਸ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਮਨਸੁਖ ਹੀਰੇਨ ਦੀ ਮੌਤ ਦਾ ਕੇਸ ਸੁਲਝਾਉਣ ਦਾ ਦਾਅਵਾ ਕੀਤਾ ਸੀ। ਏਟੀਐਸ ਨੇ ਪਿਛਲੇ ਹਫ਼ਤੇ ਹੀਰੇਨ ਦੀ ਹੱਤਿਆ ਦੇ ਮਾਮਲੇ ‘ਚ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮ ਵਿਨਾਇਕ ਸ਼ਿੰਦੇ ਅਤੇ ਕ੍ਰਿਕਟ ਸੱਟੇਬਾਜ਼ ਨਰੇਸ਼ ਗੌੜ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਠਾਣੇ ਦੀ ਸੈਸ਼ਨ ਕੋਰਟ ਨੇ ਮਹਾਰਾਸ਼ਟਰ ਐਂਟੀ ਟੈਰੋਰਿਜ਼ਮ ਸਕੁਐਡ (ਏਟੀਐਸ) ਨੂੰ ਇਸ ਮਾਮਲੇ ਦੀ ਜਾਂਚ ਨੂੰ ਰੋਕਣ ਅਤੇ ਕੌਮੀ ਜਾਂਚ ਏਜੰਸੀ (ਐਨਆਈਏ) ਦੇ ਹਵਾਲੇ ਕਰਨ ਦਾ ਆਦੇਸ਼ ਦਿੱਤਾ ਸੀ। ਐਨਆਈਏ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਦੇ ਬਾਵਜੂਦ ਏਟੀਐਸ ਉਸ ਨੂੰ ਕੇਸ ਨਹੀਂ ਸੌਂਪ ਰਹੀ।