Home ਭਾਰਤ ਐਂਟੀਲੀਆ ਮਾਮਲਾ : ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਕੀਤੀ ਮੁਲਾਕਾਤ

ਐਂਟੀਲੀਆ ਮਾਮਲਾ : ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਕੀਤੀ ਮੁਲਾਕਾਤ

0
ਐਂਟੀਲੀਆ ਮਾਮਲਾ : ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਐਂਟੀਲੀਆ ਮਾਮਲੇ ‘ਚ ਮਹਾਰਾਸ਼ਟਰ ਦੀ ਸਿਆਸਤ ਗਰਮਾ ਗਈ ਹੈ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦਿੱਲੀ ‘ਚ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਹਾਲਾਂਕਿ ਦੋਵਾਂ ਆਗੂਆਂ ਵਿਚਾਲੇ ਕੀ ਗੱਲਬਾਤ ਹੋਈ, ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਲਗਭਗ 1 ਘੰਟੇ ਦੀ ਮੁਲਾਕਾਤ ਤੋਂ ਬਾਅਦ ਦੇਸ਼ਮੁਖ ਨੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਨਾਗਪੁਰ ‘ਚ ਬਣਨ ਜਾ ਰਹੇ ਇਕ ਪ੍ਰਾਜੈਕਟ ਲਈ ਪਵਾਰ ਨੂੰ ਮਿਲੇ ਹਨ।
ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫ਼ੋਟਕ ਨਾਲ ਭਰੀ ਸਕਾਰਪੀਓ ਅਤੇ ਮਨਸੁਖ ਹੀਰੇਨ ਦੀ ਮੌਤ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ ਕਿ ਐਨਆਈਏ ਅਤੇ ਮਹਾਰਾਸ਼ਟਰ ਏਟੀਐਸ ਇਸ ਕੇਸ ਦੀ ਲਗਾਤਾਰ ਜਾਂਚ ਕਰ ਰਹੀ ਹੈ। ਸੂਬਾ ਸਰਕਾਰ ਇਸ ਮਾਮਲੇ ‘ਚ ਦੋਵਾਂ ਏਜੰਸੀਆਂ ਨੂੰ ਪੂਰਾ ਸਹਿਯੋਗ ਕਰ ਰਹੀ ਹੈ।
ਦੂਜੇ ਪਾਸੇ, ਸੰਸਦ ਭਵਨ ਦੇ ਬਾਹਰ ਰਾਜ ਸਭਾ ਦੇ ਸੰਸਦ ਮੈਂਬਰ ਨਾਰਾਇਣ ਰਾਣੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਸਚਿਨ ਵਾਜੇ ਦੇ ‘ਗੌਡ ਫ਼ਾਦਰ’ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਸਭ ਕੁਝ ਅਧਿਕਾਰੀਆਂ ਦੀ ਇੱਛਾ ‘ਤੇ ਕੀਤਾ ਜਾਂਦਾ ਹੈ। ਮੁਕੇਸ਼ ਅੰਬਾਨੀ ਵਰਗਾ ਵਿਅਕਤੀ ਮੁੰਬਈ ‘ਚ ਅਸੁਰੱਖਿਅਤ ਹੈ। ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਅਤੇ ਭ੍ਰਿਸ਼ਟਾਚਾਰ ਕਾਰਨ ਮੈਂ ਸੂਬਾ ਮੁੱਖ ਮੰਤਰੀ ਦੇ ਅਸਤੀਫ਼ੇ ਅਤੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।
ਕਾਂਗਰਸੀ ਆਗੂ ਸੰਜੇ ਨਿਰੂਪਮ ਨੇ ਖੜੇ ਕੀਤੇ ਸਵਾਲ
ਕਾਂਗਰਸੀ ਆਗੂ ਸੰਜੇ ਨਿਰੂਪਮ ਨੇ ਐਂਟੀਲੀਆ ਕੇਸ ਬਾਰੇ ਕਿਹਾ ਕਿ ਸ਼ਿਵ ਸੈਨਾ ਕਮਿਸ਼ਨਰ ਪਰਮਬੀਰ ਸਿੰਘ ਦੀ ਜੈ-ਜੈ ਕਾਰ ਕਰ ਰਹੀ । ਗ੍ਰਹਿ ਮੰਤਰੀ ਅਨਿਲ ਦੇਸ਼ਮੁਖ, ਜੋ ਕਿ ਐਨਸੀਪੀ ਦੇ ਹਨ, ਨੇ ਬੀਤੇ ਦਿਨੀਂ ਕਿਹਾ ਸੀ ਕਿ ਕਮਿਸ਼ਨਰ ਨੇ ਗਲਤੀ ਕੀਤੀ ਸੀ। ਅਜਿਹਾ ਬਿਆਨ ਸਰਕਾਰ ਦਾ ਅਕਸ ਖਰਾਬ ਕਰੇਗਾ । ਨਿਰੂਪਮ ਨੇ ਕਿਹਾ ਕਿ ਸਚਿਨ ਵਾਜੇ ਕੇਸ ਦੀ ਜਾਂਚ ਤੋਂ ਇਹ ਸਮਝ ਆਗਿਆ ਹੈ ਕਿ ਇਹ ਸੱਤਾ ਸਪਾਂਸਰਡ ਹਫ਼ਤਾ ਵਸੂਲੀ ਕਾਂਡ ਹੈ। ਉਨ੍ਹਾਂ ਪੁੱਛਿਆ ਕਿ ਕੀ ਇਸ ਦੀਆਂ ਤਾਰਾਂ ਸ਼ਿਵ ਸੈਨਾ ਨਾਲ ਜੁੜੀਆਂ ਹਨ?
ਕੀ ਹੈ ਮਾਮਲਾ?
ਬੀਤੀ 25 ਫ਼ਰਵਰੀ ਨੂੰ ਐਂਟੀਲੀਆ ‘ਚ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਜੈਲੇਟਿਨ ਦੀਆਂ ਰਾਡਾਂ ਨਾਲ ਭਰੀ ਇਕ ਸਕਾਰਪੀਓ ਗੱਡੀ ਮਿਲੀ ਸੀ। ਜਾਂਚ ‘ਚ ਪਤਾ ਲੱਗਿਆ ਸੀ ਕਿ ਇਸ ਸਕਾਰਪੀਓ ਦਾ ਮਾਲਕ ਕਾਰੋਬਾਰੀ ਮਨਸੁਖ ਹੀਰੇਨ ਸੀ। ਮਾਮਲਾ ਉਦੋਂ ਵੱਡਾ ਹੋ ਗਿਆ ਜਦੋਂ 3 ਮਾਰਚ ਨੂੰ ਮਨਸੁਖ ਦੀ ਲਾਸ਼ ਮਿਲੀ ਸੀ। ਬਾਅਦ ‘ਚ ਵਿਵਾਦ ਵਧਦੇ ਹੀ ਸਰਕਾਰ ਨੇ ਜਾਂਚ ਐਨਆਈਏ ਨੂੰ ਸੌਂਪ ਦਿੱਤੀ। ਐਨਆਈਏ ਅਤੇ ਏਟੀਐਸ ਐਂਟੀਲੀਆ ਸਕਾਰਪੀਓ ਕੇਸ ਅਤੇ ਮਨਸੁਖ ਹੀਰੇਨ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ।