ਐਂਟੀਲੀਆ ਮਾਮਲਾ : ਧਮਕੀ ਵਾਲੀ ਚਿੱਠੀ ਗੱਡੀ ‘ਚ ਰੱਖਣਾ ਭੁੱਲ ਗਿਆ ਸੀ ਸਚਿਨ ਵਾਜੇ, ਦੁਬਾਰਾ ਮੌਕੇ ‘ਤੇ ਜਾਣ ‘ਤੇ ਸੀਸੀਟੀਵੀ ‘ਚ ਕੈਦ ਹੋ ਗਿਆ ਸੀ

ਮੁੰਬਈ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰੋਂ ਬਰਾਮਦ ਹੋਈ ਸਕਾਰਪੀਓ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੂੰ ਵੱਡਾ ਸਬੂਤ ਮਿਲਿਆ ਹੈ। ਸੀਸੀਟੀਵੀ ਫੁਟੇਜ ਦੀ ਘਟਨਾ ਵਾਲੀ ਥਾਂ ਦੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਸਚਿਨ ਵਾਜੇ 25 ਫ਼ਰਵਰੀ ਨੂੰ ਸਕਾਰਪੀਓ ਖੜ੍ਹੀ ਕਰਨ ਤੋਂ ਬਾਅਦ ਇਸ ‘ਚ ਧਮਕੀ ਭਰੀ ਚਿੱਠੀ ਰੱਖਣਾ ਭੁੱਲ ਗਿਆ ਸੀ। ਪਿੱਛਿਓਂ ਆ ਰਹੀ ਇਨੋਵਾ ‘ਚ ਬੈਠ ਕੇ ਕੁਝ ਦੂਰੀ ਜਾਣ ਤੋਂ ਬਾਅਦ ਉਸ ਨੂੰ ਇਸ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਉਹ ਦੁਬਾਰਾ ਮੌਕੇ ‘ਤੇ ਗਿਆ ਅਤੇ ਸਕਾਰਪੀਓ ‘ਚ ਚਿੱਠੀ ਰੱਖੀ ਸੀ।
ਐਨਆਈਏ ਸੂਤਰਾਂ ਅਨੁਸਾਰ ਉਸੇ ਸਮੇਂ ਸਚਿਨ ਵਾਜੇ ਤੋਂ ਗਲਤੀ ਹੋਈ ਅਤੇ ਉਹ ਚਿੱਠੀ ਰੱਖਣ ਦੌਰਾਨ ਨੇੜੇ ਦੀ ਇੱਕ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਿਆ ਸੀ। ਉਸ ਦੌਰਾਨ ਵਾਝੇ ਨੇ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਪਹਿਲਾਂ ਇਸ ਨੂੰ ਪੀਪੀਈ ਕਿੱਟ ਸਮਝਿਆ ਜਾ ਰਿਹਾ ਸੀ। ਸਚਿਨ ਵਾਜੇ ਨੇ ਸਕਾਰਪੀਓ ‘ਚ ਜਿਹੜੀ ਚਿੱਠੀ ਰੱਖੀ ਸੀ, ਉਸ ‘ਚ ਲਿਖਿਆ ਸੀ, “ਪਿਆਰੇ ਨੀਤਾ ਭਾਬੀ ਤੇ ਮੁਕੇਸ਼ ਭਈਆ ਅਤੇ ਪਰਿਵਾਰ। ਇਹ ਸਿਰਫ਼ ਇਕ ਟ੍ਰੇਲਰ ਹੈ। ਅਗਲੀ ਵਾਰ ਤੁਹਾਡੇ ਪਰਿਵਾਰ ਕੋਲ ਉਡਾਣ ਭਰਨ ਲਈ ਕਾਫ਼ੀ ਸਾਮਾਨ ਹੋਵੇਗਾ। ਸਾਵਧਾਨ ਰਹੋ।”
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਐਨਆਈਏ ਦੀ ਟੀਮ ਵਾਜੇ ਦੇ ਨਾਲ ਉਸੇ ਥਾਂ ‘ਤੇ ਗਈ ਸੀ ਅਤੇ ਸੀਨ ਨੂੰ ਰੀਕ੍ਰਿਏਟ ਕੀਤਾ ਗਿਆ ਸੀ। ਭਾਵ, ਜਿਸ ਤਰ੍ਹਾਂ ਜੁਰਮ ਹੋਇਆ ਸੀ, ਉਸ ਨੂੰ ਦੁਹਰਾਇਆ ਗਿਆ ਸੀ। ਇਸ ਦੇ ਪਿੱਛੇ ਐਨਆਈਏ ਦਾ ਮਕਸਦ ਇਹ ਸੀ ਕਿ ਕੇਸ ਦੀ ਜਾਂਚ ‘ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਇਸ ਦੌਰਾਨ ਸਚਿਨ ਵਾਜੇ ਨੂੰ ਚਿੱਟਾ ਕੁੜਤਾ-ਪਜ਼ਾਮਾ ਪਾਇਆ ਹੋਇਆ ਸੀ ਅਤੇ ਉਸ ਨੂੰ ਇਕ ਡਮੀ ਸਕਾਰਪੀਓ ਤਕ ਚਲਾਇਆ ਗਿਆ।
ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਮਾਮਲੇ ‘ਚ ਲੌਜਿਸਟਿਕ ਮਦਦ ਲਈ ਸਚਿਨ ਵਾਜੇ ਨੇ ਵਿਨਾਇਕ ਸ਼ਿੰਦੇ ਨੂੰ 50 ਹਜ਼ਾਰ ਰੁਪਏ ਦਿੱਤੇ ਸਨ। ਸੂਤਰਾਂ ਅਨੁਸਾਰ ਸ਼ਿੰਦੇ ਜ਼ਰੀਏ ਉਹ ਇਕ ਵਿਅਕਤੀ ਦੇ ਸੰਪਰਕ ‘ਚ ਆਇਆ, ਜੋ ਦੱਖਣੀ ਮੁੰਬਈ ‘ਚ ਇਕ ਕਲੱਬ ਚਲਾਉਂਦਾ ਹੈ। ਇਸ ਕਲੱਬ ‘ਚ ਜੂਆ ਖੇਡਣ ਵਾਲਿਆਂ ਅਤੇ ਸੱਟੇਬਾਜ਼ਾਂ ਦੀ ਭੀੜ ਹੁੰਦੀ ਸੀ। ਇੱਥੇ ਹੀ ਉਹ ਇਸ ਕੇਸ ‘ਚ ਗ੍ਰਿਫ਼ਤਾਰ ਕੀਤੇ ਸੱਟੇਬਾਜ਼ ਨਰੇਸ਼ ਗੋਰੇ ਨੂੰ ਮਿਲਿਆ ਸੀ।
ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਸਚਿਨ ਵਾਜੇ ਦੀ ਇਕ ਵੱਡੀ ਕਮਾਈ ਕ੍ਰਿਕਟ ਸੱਟੇਬਾਜ਼ਾਂ ਤੋਂ ਹੁੰਦੀ ਸੀ। ਮੈਚ ਦੌਰਾਨ ਉਨ੍ਹਾਂ ਦੇ ਠਿਕਾਣਿਆਂ ‘ਤੇ ਛਾਪਾ ਨਹੀਂ ਮਾਰਿਆ ਜਾਵੇ, ਇਸ ਦੇ ਲਈ ਕਈ ਸੱਟੇਬਾਜ਼ ਉਨ੍ਹਾਂ ਨੂੰ ਕਰੋੜਾਂ ਰੁਪਏ ਭੇਜਦੇ ਸਨ। ਉਨ੍ਹਾਂ ‘ਚ ਗੁਜਰਾਤੀ ਕ੍ਰਿਕਟ ਸੱਟੇਬਾਜ਼ ਨਰੇਸ਼ ਧਰੇ ਉਰਫ਼ ਨਰੇਸ਼ ਗੋਰੇ ਵੀ ਸੀ। ਉਹ ਜਾਣਦਾ ਸੀ ਕਿ ਸੱਟੇਬਾਜ਼ੀ ਦਾ ਸਾਰਾ ਕਾਰੋਬਾਰ ਬੇਨਾਮੀ ਸਿਮ ਕਾਰਡਾਂ ਦੁਆਰਾ ਕੀਤਾ ਜਾਂਦਾ ਹੈ, ਇਸ ਲਈ ਉਸ ਨੇ ਫ਼ਰਵਰੀ ‘ਚ ਨਰੇਸ਼ ਗੋਰੀ ਨੂੰ ਕੁਝ ਸਿਮ ਕਾਰਡ ਦੇਣ ਲਈ ਕਿਹਾ ਸੀ।

Video Ad
Video Ad