ਐਂਟੀਲੀਆ ਮਾਮਲਾ : ਸਚਿਨ ਵਾਜੇ ਨੂੰ 3 ਅਪ੍ਰੈਲ ਤਕ ਪੁਲਿਸ ਹਿਰਾਸਤ ‘ਚ ਭੇਜਿਆ

ਮੁੰਬਈ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਐਂਟੀਲੀਆ ਮਾਮਲੇ ‘ਚ ਗ੍ਰਿਫ਼ਤਾਰ ਮੁੰਬਈ ਪੁਲਿਸ ਦੇ ਮੁਅੱਤਲ ਸਹਾਇਕ ਪੁਲਿਸ ਇੰਸੈਪਕਟਰ ਸਚਿਨ ਵਾਜੇ ਮਾਮਲੇ ‘ਚ ਵੀਰਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਦਾਲਤ ‘ਚ ਸੁਣਵਾਈ ਹੋਈ। ਇਸ ਦੌਰਾਨ ਐਨਆਈਏ ਨੇ ਅਦਾਲਤ ‘ਚ ਕਈ ਦਾਅਵੇ ਕੀਤੇ ਹਨ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਸਚਿਨ ਵਾਜੇ ਦੇ ਘਰ ‘ਚੋਂ 62 ਕਾਰਤੂਸ ਮਿਲੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਾਰਤੂਸ ਨਾਲ ਕੀ ਕਰਨ ਵਾਲੇ ਸਨ। ਅਦਾਲਤ ਨੇ ਉਨ੍ਹਾਂ ਨੂੰ 3 ਅਪ੍ਰੈਲ ਤਕ ਹਿਰਾਸਤ ‘ਚ ਭੇਜ ਦਿੱਤਾ ਹੈ।
ਅਦਾਲਤ ‘ਚ ਸੁਣਵਾਈ ਦੌਰਾਨ ਸਚਿਨ ਵਾਜੇ ਨੇ ਕਿਹਾ ਕਿ ਉਹ ਰਾਜਨੀਤੀ ਦਾ ਸ਼ਿਕਾਰ ਹਨ ਅਤੇ ਇਸ ਕੇਸ ‘ਚ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, “ਮੈਂ ਇਸ ਕੇਸ ‘ਚ ਅਪਰਾਧ ਸਵੀਕਾਰ ਨਹੀਂ ਕੀਤਾ ਹੈ। ਮੈਂ 12 ਦਿਨ ਤਕ ਇਸ ਕੇਸ ਦੀ ਜਾਂਚ ਕੀਤੀ ਅਤੇ ਫਿਰ ਕੁਝ ਤਬਦੀਲੀਆਂ ਹੋਈਆਂ ਅਤੇ ਮੈਨੂੰ ਐਨਆਈਏ ਨੇ ਗ੍ਰਿਫ਼ਤਾਰ ਕਰ ਲਿਆ।”
ਸੁਣਵਾਈ ਦੌਰਾਨ ਐਨਆਈਏ ਨੇ ਸਚਿਨ ਵਾਜੇ ਦੀ ਹੋਰ 15 ਦਿਨਾਂ ਦੀ ਹਿਰਾਸਤ ਮੰਗੀ ਸੀ। ਅਦਾਲਤ ਦੀ ਸੁਣਵਾਈ ਦੌਰਾਨ ਐਨਆਈਏ ਨੇ ਕਿਹਾ ਕਿ ਸਚਿਨ ਵਾਜੇ ਪੁੱਛਗਿੱਛ ‘ਚ ਸਹਿਯੋਗ ਨਹੀਂ ਕਰ ਰਿਹਾ ਹੈ। ਐਨਆਈਏ ਨੇ ਕਿਹਾ ਕਿ ਸਚਿਨ ਵਾਜੇ ਦੀ ਜਰੂਰਤ ਡੀਐਨਏ ਮੈਚ, ਖੂਨ ਸੈਂਪਲ ਅਤੇ ਸੀਸੀਟੀਵੀ ਸਮੇਤ ਕਈ ਸੂਬਤਾਂ ਨੂੰ ਇਕੱਤਰ ਕਰਨ ਲਈ ਹੈ। ਇਸ ਲਈ ਉਹ ਸਚਿਨ ਵਾਜੇ ਦੀ ਹੋਰ ਕੁਝ ਸਮੇਂ ਲਈ ਹਿਰਾਸਤ ਚਾਹੁੰਦੇ ਹਨ। ਸੁਣਵਾਈ ਦੌਰਾਨ ਏਐਸਜੀ ਅਨਿਲ ਸਿੰਘ ਨੇ ਕਿਹਾ ਕਿ ਦੇਸ਼ ‘ਚ ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਕੇਸ ‘ਚ ਉਹੀ ਪੁਲਿਸ ਕਰਮੀ ਮੁਲਜ਼ਮ ਹੈ, ਜੋ ਇਸ ਕੇਸ ਦੀ ਜਾਂਚ ਕਰ ਰਿਹਾ ਸੀ।
ਸਚਿਨ ਵਾਜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਪੋਂਡਾ ਨੇ ਦਲੀਲ ਦਿੱਤੀ ਕਿ ਐਨਆਈਏ ਨੂੰ ਯੂਏਪੀਏ ਲਾਗੂ ਕਰਨ ਵਾਲੇ ਆਪਣੇ ਫ਼ੈਸਲੇ ਨੂੰ ਅਦਾਲਤ ਦੇ ਸਾਹਮਣੇ ਸਪੱਸ਼ਟ ਕਰਨਾ ਚਾਹੀਦਾ ਹੈ। ਇਹ ਕੇਸ UAPA ਦੇ ਤਹਿਤ ਫਿਟ ਨਹੀਂ ਹੁੰਦਾ ਹੈ। ਸਿਰਫ਼ ਜੈਲੇਟਿਨ ਮਿਲਣਾ ਵਿਸਫ਼ੋਟਕ ਮਿਲਣਾ ਨਹੀਂ ਹੈ।
ਅਦਾਲਤ ਦੀ ਸੁਣਵਾਈ ਦੌਰਾਨ ਐਨਆਈਏ ਨੇ ਕਿਹਾ ਕਿ ਸਚਿਨ ਵਾਜੇ ਦੇ ਘਰ ‘ਚੋਂ 62 ਜਿੰਦਾ ਕਾਰਤੂਸ ਮਿਲੇ ਹਨ। ਇਹ ਕਾਰਤੂਸ ਘਰ ‘ਚ ਕਿਉਂ ਰੱਖੇ ਗਏ ਸਨ? ਉਹ ਸਾਨੂੰ ਇਸ ਬਾਰੇ ਕੁਝ ਨਹੀਂ ਦੱਸ ਰਹੇ ਹਨ। ਐਨਆਈਏ ਨੇ ਵਿਸ਼ੇਸ਼ ਅਦਾਲਤ ਨੂੰ ਕਿਹਾ ਹੈ ਕਿ ਕਿਉਂਕਿ ਉਹ ਕੋਈ ਜਵਾਬ ਨਹੀਂ ਦੇ ਰਹੇ, ਇਸ ਲਈ ਸਾਨੂੰ ਅਜੇ ਹੋਰ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਬੀਤੀ 25 ਫ਼ਰਵਰੀ ਨੂੰ ਇਕ ਸਕਾਰਪੀਓ ਗੱਡੀ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਮਿਲੀ ਸੀ। ਇਸ ਗੱਡੀ ‘ਚੋਂ 20 ਜੈਲੇਟਿਨ ਦੀਆਂ ਰਾਡਾਂ ਬਰਾਮਦ ਕੀਤੀਆਂ ਗਈਆਂ ਸਨ। ਜਾਅਲੀ ਨੰਬਰ ਪਲੇਟ ਦੇ ਨਾਲ-ਨਾਲ ਧਮਕੀ ਭਰੀ ਚਿੱਠੀ ਵੀ ਮਿਲੀ ਸੀ। ਇਸ ਮਗਰੋਂ ਸਕਾਰਪੀਓ ਮਾਲਕ ਮਨਸੁਖ ਹੀਰੇਨ ਦੀ ਲਾਸ਼ 5 ਮਾਰਚ ਨੂੰ ਮੁੰਬਰਾ ਦੀ ਖਾੜੀ ‘ਚੋਂ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਏਟੀਐਸ ਨੇ ਇਸ ‘ਚ ਕਤਲ ਦਾ ਕੇਸ ਦਰਜ ਕੀਤਾ ਸੀ। ਇਸ ਮਗਰੋਂ ਐਨਆਈਏ ਨੇ ਐਂਟੀਲੀਆ ਕੇਸ ‘ਚ ਜਾਂਚ ਦੌਰਾਨ ਸਚਿਨ ਵਾਜੇ ਨੂੰ ਗ੍ਰਿਫਤਾਰ ਕੀਤਾ ਸੀ। ਉਹ 25 ਮਾਰਚ ਤਕ ਐਨਆਈਏ ਦੀ ਹਿਰਾਸਤ ‘ਚ ਸਨ।

Video Ad
Video Ad