Home ਭਾਰਤ ਐਂਟੀਲੀਆ ਮਾਮਲੇ ‘ਚ ਸੀਸੀਟੀਵੀ ਤੋਂ ਹੋਇਆ ਖੁਲਾਸਾ : ਮਨਸੁਖ ਦੀ ਹੱਤਿਆ ਤੋਂ ਪਹਿਲਾਂ ਸਚਿਨ ਵਾਜੇ ਰੇਲ ਰਾਹੀਂ ਠਾਣੇ ਗਿਆ ਸੀ

ਐਂਟੀਲੀਆ ਮਾਮਲੇ ‘ਚ ਸੀਸੀਟੀਵੀ ਤੋਂ ਹੋਇਆ ਖੁਲਾਸਾ : ਮਨਸੁਖ ਦੀ ਹੱਤਿਆ ਤੋਂ ਪਹਿਲਾਂ ਸਚਿਨ ਵਾਜੇ ਰੇਲ ਰਾਹੀਂ ਠਾਣੇ ਗਿਆ ਸੀ

0
ਐਂਟੀਲੀਆ ਮਾਮਲੇ ‘ਚ ਸੀਸੀਟੀਵੀ ਤੋਂ ਹੋਇਆ ਖੁਲਾਸਾ : ਮਨਸੁਖ ਦੀ ਹੱਤਿਆ ਤੋਂ ਪਹਿਲਾਂ ਸਚਿਨ ਵਾਜੇ ਰੇਲ ਰਾਹੀਂ ਠਾਣੇ ਗਿਆ ਸੀ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰੋਂ ਵਿਸਫ਼ੋਟਕ ਸਮੱਗਰੀ ਨਾਲ ਮਿਲੀ ਸਕਾਰਪੀਓ ਅਤੇ ਕਾਰੋਬਾਰੀ ਮਨਸੁਖ ਹੀਰੇਨ ਦੀ ਹੱਤਿਆ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਤੇਜ਼ੀ ਨਾਲ ਕਰ ਰਹੀ ਹੈ। ਇਸ ਜਾਂਚ ‘ਚ ਐਨਆਈਏ ਦੇ ਹੱਥ 4 ਮਾਰਚ ਦੀ ਰਾਤ ਦਾ ਇਕ ਸੀਸੀਟੀਵੀ ਫ਼ੁਟੇਜ਼ ਲੱਗਿਆ ਹੈ। ਇਸ ‘ਚ ਮੁੰਬਈ ਪੁਲਿਸ ਦੇ ਮੁਅੱਤਲ ਅਸਿਸਟੈਂਟ ਪੁਲਿਸ ਇੰਸਪੈਕਟਰ (ਏਪੀਆਈ) ਸਚਿਨ ਵਾਜੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ (ਸੀਐਸਐਮਟੀ) ਸਟੇਸ਼ਨ ਵੱਲ ਜਾਂਦੇ ਨਜ਼ਰ ਆ ਰਹੇ ਹਨ। ਐਨਆਈਏ ਦੀ ਜਾਂਚ ‘ਚ ਇਹ ਖੁਲਾਸਾ ਹੋਇਆ ਹੈ ਕਿ 4 ਮਾਰਚ ਦੀ ਸ਼ਾਮ 7 ਵਜੇ ਸਚਿਨ ਵਾਜੇ ਇੱਥੋਂ ਹੀ ਲੋਕਲ ਟਰੇਨ ਫੜ ਕੇ ਠਾਣੇ ਗਿਆ ਸੀ।

ਬੀਤੀ ਸੋਮਵਾਰ ਦੇਰ ਰਾਤ ਐਨਆਈਏ ਦੀ ਟੀਮ ਸਚਿਨ ਵਾਜੇ ਨੂੰ ਲੈ ਕੇ ਸੀਐਸਐਮਟੀ ਸਟੇਸ਼ਨ ਪਹੁੰਚੀ ਅਤੇ 4 ਮਾਰਚ ਦੇ ਦ੍ਰਿਸ਼ ਨੂੰ ਰੀਕ੍ਰਿਏਟ ਕੀਤਾ। ਟੀਮ ਨੇ ਸੀਸੀਟੀਵੀ ਫੁਟੇਜ਼ ਦੇ ਨਾਲ ਹੀ ਸਬੂਤਾਂ ਨੂੰ ਪੁਖਤਾ ਕਰਨ ਲਈ ਪਲੇਟਫ਼ਾਰਮ ਨੰਬਰ-4 ਤੇ 5 ਉੱਤੇ ਰੈੱਡ ਟੇਪ ਕਰਕੇ ਸਚਿਨ ਵਾਜੇ ਨੂੰ ਚਲਾਇਆ। ਇਸ ਦੌਰਾਨ ਪੁਣੇ ਦੀ ਫ਼ੋਰੈਂਸਿਕ ਟੀਮ ਵੀ ਉੱਥੇ ਮੌਜੂਦ ਸੀ। ਸਚਿਨ ਵਾਜੇ ਦੀ ਮੂਵਮੈਂਟ ਨੂੰ ਫ਼ੋਰੈਂਸਿਕ ਟੀਮ ਨੇ ਰਿਕਾਰਡ ਵੀ ਕੀਤਾ। ਇਸ ਦਾ ਵਿਸ਼ਲੇਸ਼ਣ ਕਰਕੇ ਟੀਮ ਇਕ ਜਾਂ ਦੋ ਦਿਨ ‘ਚ ਆਪਣੀ ਰਿਪੋਰਟ ਐਨਆਈਏ ਨੂੰ ਸੌਂਪੇਗੀ।
ਸੂਤਰਾਂ ਅਨੁਸਾਰ ਸਚਿਨ ਵਾਜੇ 4 ਮਾਰਚ ਨੂੰ ਸ਼ਾਮ 6.30 ਵਜੇ ਕ੍ਰਾਈਮ ਇੰਟੈਲੀਜੈਂਸ ਯੂਨਿਟ ਦੇ ਦਫ਼ਤਰ ‘ਚੋਂ ਨਿਕਲਿਆ ਅਤੇ ਸ਼ਾਮ 7 ਵਜੇ ਸੀਐਸਐਮਟੀ ਸਟੇਸ਼ਨ ‘ਚ ਕੰਟੀਨ ਵਾਲੇ ਪਾਸੀਓਂ ਐਂਟਰੀ ਕੀਤੀ। ਸਚਿਨ ਵਾਜੇ ਲਗਭਗ ਇਕ ਘੰਟੇ ਬਾਅਦ ਰਾਤ 8.10 ਵਜੇ ਠਾਣੇ ਦੇ ਕਾਲਵਾ ਸਟੇਸ਼ਨ ਪਹੁੰਚਿਆ। ਸੂਤਰਾਂ ਦੀ ਮੰਨੀਏ ਤਾਂ ਉਸ ਨੇ ਮਨਸੁਖ ਹੀਰੇਨ ਨੂੰ ਫ਼ੋਨ ਕੀਤਾ ਸੀ ਅਤੇ ਉਸ ਦੇ ਕਹਿਣ ‘ਤੇ ਮਨਸੁਖ ਰਾਤ 9.20 ਵਜੇ ਮੁੰਬਈ ਦੇ ਬਾਏਕੁਲਾ ਪਹੁੰਚਿਆ ਸੀ।

ਐਂਟੀਲੀਆ ਮਾਮਲੇ ‘ਚ ਐਨਆਈਏ ਦੇ ਹੱਥ ਇਕ ਸਪੋਰਟਸ ਬਾਈਕ ਲੱਗੀ ਹੈ। ਇਹ ਸਚਿਨ ਵਾਜੇ ਦੀ ਰਾਜਦਾਰ ਮੀਨਾ ਜੋਰਜ ਦੇ ਨਾਮ ‘ਤੇ ਰਜਿਸਟਰਡ ਹੈ। ਮੀਨਾ ਨੂੰ ਕੁਝ ਦਿਨ ਪਹਿਲਾਂ ਐਨਆਈਏ ਨੇ ਗ੍ਰਿਫ਼ਤਾਰ ਕੀਤਾ ਸੀ। ਮੀਨਾ ਉਹੀ ਔਰਤ ਹੈ, ਜੋ ਨੋਟ ਗਿਣਨ ਵਾਲੀ ਮਸ਼ੀਨ ਨਾਲ ਮੁੰਬਈ ਦੇ ਟਰਾਈਡੈਂਟ ਹੋਟਲ ਵਿਖੇ ਸਚਿਨ ਵਾਜੇ ਨੂੰ ਮਿਲਣ ਆਈ ਸੀ। ਸੀਸੀਟੀਵੀ ਫੁਟੇਜ਼ ਦੇ ਅਧਾਰ ‘ਤੇ ਐਨਆਈਏ ਕੋਲ ਉਸ ਦਾ ਸੁਰਾਗ ਸੀ।

ਹੁਣ ਤਕ 8 ਕਾਰਾਂ ਅਤੇ ਇਕ ਬਾਈਕ ਜ਼ਬਤ
ਐਨਆਈਏ ਨੂੰ ਜਿਹੜੀ ਬਾਈਕ ਮਿਲੀ ਹੈ, ਉਹ ਇਟਾਲੀਅਨ ਬੈਨੇਲੀ ਕੰਪਨੀ ਦੀ ਹੈ। ਇਸ ਸਪੋਰਟਸ ਬਾਈਕ ਦੀ ਕੀਮਤ ਲਗਭਗ 7-8 ਲੱਖ ਰੁਪਏ ਹੈ। ਬਾਈਕ ਨੂੰ ਸੋਮਵਾਰ ਨੂੰ ਇਕ ਟੈਂਪੋ ਤੋਂ ਐਨਆਈਏ ਦਫ਼ਤਰ ਲਿਆਂਦਾ ਗਿਆ। ਮਨਸੁਖ ਮਾਮਲੇ ‘ਚ ਹੁਣ ਤਕ 8 ਲਗਜ਼ਰੀ ਕਾਰਾਂ ਅਤੇ ਇਕ ਸਾਈਕਲ ਜ਼ਬਤ ਕੀਤੀ ਗਈ ਹੈ। ਐਨਆਈਏ ਨੇ ਸਚਿਨ ਵਾਜੇ ਤੋਂ ਪੁੱਛਗਿੱਛ ਦੇ ਅਧਾਰ ‘ਤੇ ਮੁੰਬਈ ਦੇ ਇਕ ਫ਼ਲੈਟ ਤੋਂ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।

ਪੂਰਾ ਮਾਮਲਾ ਕੀ ਹੈ?
ਮੁੰਬਈ ਪੁਲਿਸ ਨੂੰ 25 ਫ਼ਰਵਰੀ ਦੀ ਦੁਪਹਿਰ 3 ਵਜੇ ਜੈਲੇਟਿਨ ਨਾਲ ਭਰੀ ਹਰੇ ਰੰਗ ਦੀ ਸਕਾਰਪੀਓ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਖੜ੍ਹੀ ਮਿਲੀ ਸੀ। ਸਕਾਰਪੀਓ ‘ਚ ਇਕ ਧਮਕੀ ਭਰੀ ਚਿੱਠੀ ਵੀ ਸੀ। ਸੀਸੀਟੀਵੀ ਫੁਟੇਜ਼ ਦੀ ਪੜਤਾਲ ਤੋਂ ਪਤਾ ਲੱਗਿਆ ਕਿ ਗੱਡੀ ਰਾਤ ਦੇ 1 ਵਜੇ ਖੜ੍ਹੀ ਕੀਤੀ ਗਈ ਸੀ। 5 ਮਾਰਚ ਨੂੰ ਇਸ ਸਕਾਰਪੀਓ ਦੇ ਮਾਲਕ ਮਨਸੁਖ ਹੀਰੇਨ ਦੀ ਲਾਸ਼ ਕਾਲਵਾ ਦੀ ਖਾੜੀ ਤੋਂ ਬਰਾਮਦ ਕੀਤੀ ਗਈ। ਪੁਲਿਸ ਨੇ ਪਹਿਲਾਂ ਇਸ ਨੂੰ ਖੁਦਕੁਸ਼ੀ ਦੱਸਿਆ ਸੀ ਅਤੇ ਫਿਰ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਵੱਲੋਂ ਵਿਧਾਨ ਸਭਾ ‘ਚ ਇਹ ਕੇਸ ਚੁੱਕਣ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਜਾਂਚ ਮਹਾਰਾਸ਼ਟਰ ਏਟੀਐਸ ਦੇ ਹਵਾਲੇ ਕਰ ਦਿੱਤੀ ਸੀ। ਏਟੀਐਸ ਨੇ ਕਤਲ ਦਾ ਕੇਸ ਦਰਜ ਕਰਕੇ ਇਸ ਮਾਮਲੇ ‘ਚ ਸਾਬਕਾ ਕਾਂਸਟੇਬਲ ਵਿਨਾਇਕ ਸ਼ਿੰਦੇ ਅਤੇ ਬੁਕੀ ਨਰੇਸ਼ ਗੋਰੇ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਐਨਆਈਏ ਨੇ ਏਟੀਐਸ ਤੋਂ ਕੇਸ ਆਪਣੇ ਹੱਥ ‘ਚ ਲੈ ਲਿਆ ਅਤੇ ਹੁਣ ਐਨਆਈਏ ਇਸ ਕੇਸ ਦੀ ਜਾਂਚ ਕਰ ਰਹੀ ਹੈ।