ਕਪੂਰਥਲਾ, 28 ਅਪ੍ਰੈਲ, ਹ.ਬ. : ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ’ਤੇ 29 ਦਿਨ ਬਾਅਦ ਪੁਲਿਸ ਨੇ ਐਸਡੀਐਮ ਸੰਜੀਵ ਕੁਮਾਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਐਸਡੀਐਮ ਨੇ ਸੀਐਮ ਨੂੰ ਈਮੇਲ ਕਰਕੇ ਦੱਸਿਆ ਕਿ 29 ਮਾਰਚ ਨੂੰ ਭੁਲੱਥ ਵਿਚ ਨੀਂਹ ਪੱਥਰ ਰੱਖੇ ਜਾਣ ਨੂੰ ਲੈ ਕੇ ਖਹਿਰਾ ਨੇ ਬਦਸਲੂਕੀ ਕੀਤੀ। 10 ਅਪ੍ਰੈਲ ਨੂੰ ਕਣਕ ਦੇ ਹੋਏ ਨੁਕਸਾਨ ਨੂੰ ਲੈ ਕੇ ਕੀਤੀ ਜਾ ਰਹੀ ਗਿਰਦਾਵਰੀ ਦੀ ਸ਼ਿਕਾਇਤ ਲੈ ਕੇ ਐਸਡੀਐਮ ਦਫ਼ਤਰ ਵਿਚ ਸਾਥੀਆਂ ਸਮੇਤ ਆਏ ਸੀ। ਜਿੱਥੇ ਉਨ੍ਹਾਂ ਧਮਕਾਇਆ ਅਤੇ ਫੇਸਬੁੱਕ ’ਤੇ ਲਾਈਵ ਹੋ ਗਏ। ਐਸਡੀਐਮ ਨੇ ਦੱਸਿਆ ਕਿ ਅਜਿਹਾ ਕਰਨ ’ਤੇ ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਹੈ। ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਡੀਆਈਜੀ ਜਲੰਧਰ ਨੇ ਐਸਐਸਪੀ ਨੂੰ ਮਾਮਲਾ ਦਰਜ ਕਰਨ ਲਈ ਕਿਹਾ। ਦੂਜੇ ਪਾਸੇ ਖਹਿਰਾ ਨੇ ਅਪਣੇ ’ਤੇ ਦਰਜ ਹੋਏ ਮਾਮਲੇ ਨੂੰ ਲੈ ਕੇ ਕਿਹਾ ਕਿ ਸੀਐਮ ਉਨ੍ਹਾਂ ’ਤੇ ਜਿੰਨੇ ਝੂਠੇ ਮਾਮਲੇ ਦਰਜ ਕਰ ਲਵੇ, ਉਨ੍ਹਾਂ ਡਰਾਇਆ ਜਾਂ ਝੁਕਾਇਆ ਨਹੀਂ ਜਾ ਸਕਦਾ। ਉਹ ਲੋਕਾਂ ਦੇ ਹੱਕਾਂ ਦੇ ਲਈ ਡਟੇ ਰਹਿਣਗੇ।