ਐਸਬੀਆਈ ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਝਟਕਾ, ਮਹਿੰਗਾ ਹੋਇਆ ਘਰ ਖਰੀਦਣਾ

ਨਵੀਂ ਦਿੱਲੀ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਘਰ ਖਰੀਦਦਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਹੋਮ ਲੋਨ ‘ਤੇ ਵਿਆਜ਼ ਦਰਾਂ ‘ਚ ਵਾਧਾ ਕਰ ਦਿੱਤਾ ਹੈ। ਮਤਲਬ ਘਰ ਖਰੀਦਣ ‘ਤੇ ਹੁਣ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਵੱਧ ਈਐਮਆਈ ਦੇਣੀ ਹੋਵੇਗੀ। ਹੁਣ ਬੈਂਕ ਦੀਆਂ ਨਵੀਆਂ ਵਿਆਜ ਦਰਾਂ 6.95 ਫ਼ੀਸਦੀ ਹੋ ਗਈਆਂ ਹਨ। ਉੱਥੇ ਹੀ ਬੈਂਕ 31 ਮਾਰਚ ਤਕ 6.70 ਫ਼ੀਸਦੀ ਦੀਆਂ ਵਿਆਜ ਦਰ ‘ਤੇ ਹੋਮ ਲੋਨ ਦੇ ਰਿਹਾ ਸੀ।

Video Ad

ਐਸਬੀਆਈ ਨੇ ਸੀਮਤ ਮਿਆਦ ਲਈ 75 ਲੱਖ ਰੁਪਏ ਤਕ ਦਾ ਹੋਮ ਲੋਨ 6.70 ਫ਼ੀਸਦੀ ਵਿਆਜ਼ ‘ਤੇ ਦੇਣ ਦੀ ਪੇਸ਼ਕਸ਼ ਕੀਤੀ ਸੀ, ਉੱਥੇ ਹੀ 75 ਲੱਖ ਤੋਂ 5 ਕਰੋੜ ਰੁਪਏ ਦੇ ਹੋਮ ਲੋਨ ‘ਤੇ ਵਿਆਜ ਦਰ 6.75 ਫ਼ੀਸਦੀ ਸੀ। ਐਸਬੀਆਈ ਦੇ ਇਸ ਕਦਮ ਤੋਂ ਬਾਅਦ ਦੂਜੇ ਬੈਂਕਾਂ ਵੱਲੋਂ ਵੀ ਹੋਮ ਲੋਨ ਦੀਆਂ ਘੱਟੋ-ਘੱਟ ਵਿਆਜ ਦਰਾਂ ਵਿੱਚ ਵਾਧੇ ਦੀ ਸੰਭਾਵਨਾ ਬਣ ਗਈ ਹੈ। ਇਸ ਤੋਂ ਇਹ ਵੀ ਸੰਕੇਤ ਮਿਲ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਹੋਮ ਲੋਨ ਦੀਆਂ ਸਾਰੀਆਂ ਦਰਾਂ ‘ਚ ਵਾਧਾ ਹੋ ਸਕਦਾ ਹੈ।

ਬੈਂਕ ਨੇ ਨਾ ਸਿਰਫ਼ ਘੱਟੋ-ਘੱਟ ਵਿਆਜ ਦਰ ਵਧਾਈ ਹੈ, ਸਗੋਂ ਸਾਰੇ ਹੋਮ ਲੋਨ ‘ਚ ਪ੍ਰੋਸੈਸਿੰਗ ਫ਼ੀਸ ਵੀ ਜੋੜ ਦਿੱਤੀ ਹੈ। ਇਹ ਨਿਯਮ 1 ਅਪ੍ਰੈਲ 2021 ਤੋਂ ਲਾਗੂ ਹੋ ਗਿਆ ਹੈ। ਐਸਬੀਆਈ ਪ੍ਰੋਸੈਸਿੰਗ ਫ਼ੀਸ ਵਜੋਂ ਲੋਨ ਨਾਲ 0.40 ਤਕ ਰਕਮ ਲੈ ਸਕਦਾ ਹੈ। ਇਹ ਰਕਮ ਘੱਟੋ-ਘੱਟ 10 ਹਜ਼ਾਰ ਰੁਪਏ ਤੇ ਵੱਧ ਤੋਂ ਵੱਧ 30 ਹਜ਼ਾਰ ਰੁਪਏ ਤਕ ਹੋ ਸਕਦੀ ਹੈ। 1 ਮਾਰਚ ਨੂੰ ਐਸਬੀਆਈ ਨੇ ਹੋਮ ਲੋਨ ਦੀ ਘੱਟੋ-ਘੱਟ ਵਿਆਜ ਦਰ 6.80 ਤੋਂ ਘਟਾ ਕੇ 6.70 ਫ਼ੀਸਦੀ ਕਰ ਦਿੱਤੀ ਸੀ। ਭਾਵੇਂ ਬੈਂਕ ਦੀ ਇਹ ਪੇਸ਼ਕਸ਼ ਘਰ ਖ਼ਰੀਦਣ ਵਾਲਿਆਂ ਨੂੰ ਖਿੱਚਣ ਲਈ ਖ਼ਾਸ ਆਫ਼ਰ ਸੀ।

ਐਸਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਲੋਨ ਜਿਨ੍ਹਾਂ ‘ਚ ਬਿਲਡਰ ਟਾਈ-ਅੱਪ ਪ੍ਰਾਜੈਕਟ ਜਿਨ੍ਹਾਂ ‘ਚ ਟਾਈਟਲ ਇਨਵੈਸਟੀਗੇਸ਼ਨ ਰਿਪੋਰਟ ਤੇ ਵੈਲਿਊਏਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਹੈ, ਉਨ੍ਹਾਂ ‘ਚ ਪ੍ਰੋਸੈਸਿੰਗ ਫ਼ੀਸ ਕੁੱਲ ਲੋਨ ਰਕਮ ਦਾ 0.40 ਫ਼ੀਸਦੀ ਹੋਵੇਗੀ। ਇਹ 10 ਹਜ਼ਾਰ ਰੁਪਏ ਤੇ ਜੀਐਸਟੀ ਤੋਂ ਜ਼ਿਆਦਾ ਨਹੀਂ ਹੋਵੇਗੀ। ਜਿੱਥੇ ਟਾਈਟਲ ਇਨਵੈਸਟੀਗੇਸ਼ਨ ਰਿਪੋਰਟ ਦੀ ਜ਼ਰੂਰ ਹੁੰਦੀ ਹੈ, ਉਸ ‘ਚ ਪਹਿਲਾਂ ਵਾਂਗ ਹੀ ਨਾਰਮਲ ਚਾਰਜ ਲੱਗੇਗਾ। ਬੈਂਕ ਨੇ 31 ਮਾਰਚ 2021 ਤਕ ਹੋਮ ਲੋਨ ਪ੍ਰੋਸੈਸਿੰਗ ਫ਼ੀਸ ਉੱਤੇ ਰੋਕ ਲਗਾ ਦਿੱਤੀ ਸੀ।

ਪਿਛਲੇ ਮਹੀਨੇ ਐਸਬੀਆਈ ਨੇ ਕਿਹਾ ਸੀ ਕਿ ਇਸ ਦਾ ਹੋਮ ਲੋਨ ਪੋਰਟਫ਼ੋਲੀਓ 5 ਲੱਖ ਕਰੋੜ ਰੁਪਏ ਦਾ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਹੋਮ ਲੋਨ ਪੋਰਟਫ਼ੋਲੀਓ ਹੈ। ਐਸਬੀਆਈ ਦਾ ਦਾਅਵਾ ਹੈ ਕਿ ਉਹ ਇਸ ਸੈਗਮੈਂਟ ‘ਚ ਮਾਰਕਿਟ ਲੀਡਰ ਹੈ। ਐਸਬੀਆਈ ਵੱਲੋਂ ਹੋਮ ਲੋਨ ਦੀਆਂ ਦਰਾਂ ਹੋਰ ਵਧਣ ਦਾ ਸੰਭਾਵਨਾ ਹੈ। ਜੇ ਐਸਬੀਆਈ ਨੇ ਇਹ ਦਰਾਂ ਵਧਾਈਆਂ ਤਾਂ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ ਅਤੇ ਬੈਂਕ ਆਫ਼ ਬੜੌਦਾ ਵੀ ਹੋਮ ਲੋਨ ਦੀਆਂ ਵਿਆਜ ਦਰਾਂ ਵਧਾ ਸਕਦੇ ਹਨ।

Video Ad