Home ਭਾਰਤ ਓਟੀਟੀ ਪਲੇਟਫ਼ਾਰਮ ‘ਤੇ ਕੰਟਰੋਲ ਦਾ ਮਾਮਲਾ; ਸੁਪਰੀਮ ਕੋਰਟ ਨੇ ਹਾਈ ਕੋਰਟਾਂ ‘ਚ ਚੱਲ ਰਹੀ ਸੁਣਵਾਈ ‘ਤੇ ਲਗਾਈ ਰੋਕ

ਓਟੀਟੀ ਪਲੇਟਫ਼ਾਰਮ ‘ਤੇ ਕੰਟਰੋਲ ਦਾ ਮਾਮਲਾ; ਸੁਪਰੀਮ ਕੋਰਟ ਨੇ ਹਾਈ ਕੋਰਟਾਂ ‘ਚ ਚੱਲ ਰਹੀ ਸੁਣਵਾਈ ‘ਤੇ ਲਗਾਈ ਰੋਕ

0
ਓਟੀਟੀ ਪਲੇਟਫ਼ਾਰਮ ‘ਤੇ ਕੰਟਰੋਲ ਦਾ ਮਾਮਲਾ; ਸੁਪਰੀਮ ਕੋਰਟ ਨੇ ਹਾਈ ਕੋਰਟਾਂ ‘ਚ ਚੱਲ ਰਹੀ ਸੁਣਵਾਈ ‘ਤੇ ਲਗਾਈ ਰੋਕ

ਨਵੀਂ ਦਿੱਲੀ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਓਵਰ-ਦੀ-ਟੌਪ (ਓਟੀਟੀ) ਪਲੇਟਫ਼ਾਰਮ ਨੈਟਫਲਿੱਕਸ, ਅਮੇਜ਼ਨ ਪ੍ਰਾਈਮ ਵੀਡੀਓ ਅਤੇ ਹੌਟਸਟਾਰ ‘ਤੇ ਨਿਗਰਾਨੀ ਰੱਖਣ ਬਾਰੇ ਦੇਸ਼ ਦੀਆਂ ਕਈ ਹਾਈ ਕੋਰਟਾਂ ‘ਚ ਚੱਲ ਰਹੀ ਸੁਣਵਾਈ ‘ਤੇ ਸੁਪਰੀਮ ਕੋਰਟ ਨੇ ਫਿਲਹਾਲ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਓਟੀਟੀ ਪਲੇਟਫ਼ਾਰਮ ‘ਤੇ ਨਿਗਰਾਨੀ ਰੱਖਣ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਸਮੇਤ ਕਈ ਉੱਚ ਅਦਾਲਤਾਂ ‘ਚ ਪਟੀਸ਼ਨਾਂ ਦਾਖ਼ਲ ਹਨ। ਕੇਂਦਰ ਸਰਕਾਰ ਨੇ ਇਨ੍ਹਾਂ ਸਾਰੀਆਂ ਪਟੀਸ਼ਨਾਂ ਨੂੰ ਇਕੋ ਥਾਂ ਕਰਨ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ, ਜਿਸ ‘ਤੇ ਅਦਾਲਤ ਦਾ ਇਹ ਫ਼ੈਸਲਾ ਆਇਆ ਹੈ।
ਸੁਪਰੀਮ ਕੋਰਟ ਨੇ ਸਾਰੇ ਪਟੀਸ਼ਨਕਰਤਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਨੇ ਫ਼ਰਵਰੀ ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਮੱਧ ਪ੍ਰਦੇਸ਼ ਹਾਈ ਕੋਰਟ ਅਤੇ ਇਲਾਹਾਬਾਦ ਹਾਈ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਹੋਲੀ ਤੋਂ ਬਾਅਦ ਦੂਜੇ ਹਫ਼ਤੇ ਤਕ ਮੁਲਤਵੀ ਕਰ ਦਿੱਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਦੇਸ਼ ਦੇ ਵੱਖ-ਵੱਖ ਹਾਈ ਕੋਰਟਾਂ ‘ਚ ਓਟੀਟੀ ਮਾਮਲਿਆਂ ‘ਤੇ 15 ਤੋਂ 20 ਪਟੀਸ਼ਨਾਂ ਪੈਂਡਿੰਗ ਹਨ ਅਤੇ ਅਸੀਂ ਉਨ੍ਹਾਂ ਸਾਰੇ ਕੇਸਾਂ ਦੀ ਸੁਣਵਾਈ ਅਤੇ ਪ੍ਰਕਿਰਿਆ ਨੂੰ ਰੋਕਦੇ ਹਾਂ, ਜੋ ਕਿ ਹਾਈ ਕੋਰਟ ‘ਚ ਵਿਚਾਰ ਅਧੀਨ ਹਨ।
ਦੂਜੇ ਪਾਸੇ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਸਹੁੰ ਪੱਤਰ ਦਾਇਰ ਕੀਤਾ। ਜਿਸ ‘ਚ ਸਰਕਾਰ ਨੇ ਦਾਅਵਾ ਕੀਤਾ ਕਿ ਓਟੀਟੀ ਪਲੇਟਫ਼ਾਰਮਾਂ ‘ਤੇ ਹੋਣ ਵਾਲੇ ਪ੍ਰੋਗਰਾਮਾਂ ਦੀ ਸਮੱਗਰੀ ਦੀ ਜਾਂਚ ਲਈ ਇਕ ਸਿਸਟਮ ਬਣਾਉਣ ਦੀ ਮੰਗ ਲੰਮੇ ਸਮੇਂ ਤੋਂ ਹੋ ਰਹੀ ਸੀ। ਸਰਕਾਰ ਨੇ ਸਹੁੰ ਪੱਤਰ ‘ਚ ਕਿਹਾ ਹੈ ਕਿ ਸੰਸਦ ਮੈਂਬਰਾਂ ਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਓਟੀਟੀ ਪਲੇਟਫ਼ਾਰਮਾਂ ਦੇ ਕੰਟੈਂਟ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਲਈ ਸੋਸ਼ਲ ਮੀਡੀਆ ਪਲੇਟਫ਼ਾਰਮ, ਓਟੀਟੀ ਤੇ ਡਿਜੀਟਲ ਮੀਡੀਆ ਲਈ ਇਨਫਰਾਮੇਸ਼ਨ ਟੈਕਨਾਲੋਜੀ ਨਿਯਮ-2021 ਦਾ ਖਰੜਾ ਤਿਆਰ ਕਰਨਾ ਪਿਆ। ਸਰਕਾਰ ਨੇ ਇਹ ਸਹੁੰ ਪੱਤਰ ਸੁਪਰੀਮ ਕੋਰਟ ਦੇ ਵਕੀਲ ਸ਼ਸ਼ਾਂਕ ਸ਼ੇਖਰ ਝਾਅ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਤੋਂ ਬਾਅਦ ਦਾਇਰ ਕੀਤਾ, ਜਿਨ੍ਹਾਂ ਨੇ ਓਟੀਟੀ ਪਲੇਟਫ਼ਾਰਮਾਂ ‘ਚ ਸਮੱਗਰੀ ਦੇ ਰੈਗੂਲੇਸ਼ਨ ਦੀ ਮੰਗ ਕੀਤੀ ਸੀ।