ਓਰਕੰਡੀ ਮੰਦਰ ‘ਚ ਪੂਜਾ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ – ਦੋਵੇਂ ਦੇਸ਼ ਦੁਨੀਆਂ ‘ਚ ਸਥਿਰਤਾ, ਪਿਆਰ ਤੇ ਸ਼ਾਂਤੀ ਚਾਹੁੰਦੇ ਹਨ

ਢਾਕਾ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲਾਦੇਸ਼ ਦੇ ਦੋ ਦਿਨਾਂ ਦੌਰੇ ‘ਤੇ ਹਨ ਅਤੇ ਸ਼ਨਿੱਚਰਵਾਰ ਨੂੰ ਉਨ੍ਹਾਂ ਦੇ ਦੌਰੇ ਦਾ ਆਖਰੀ ਦਿਨ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਓਰਕੰਡੀ ਦੇ ਮਤੂਆ ਭਾਈਚਾਰੇ ਦੇ ਮੰਦਰ ‘ਚ ਮੱਥਾ ਟੇਕਿਆ। ਦਰਅਸਲ, ਓਰਕੰਡੀ ਉਹ ਥਾਂ ਹੈ, ਜਿੱਥੇ ਮਤੂਆ ਭਾਈਚਾਰੇ ਦੇ ਸੰਸਤਾਪਕ ਹਰੀਸ਼ਚੰਦਰ ਠਾਕੁਰ ਦਾ ਜਨਮ ਹੋਇਆ ਸੀ। ਪੀ.ਐਮ. ਮੋਦੀ ਨੇ ਇਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਕਈ ਸਾਲਾਂ ਦੀ ਇੱਛਾ ਅੱਜ ਪੂਰੀ ਹੋ ਗਈ ਹੈ।
ਪੀਐਮ ਮੋਦੀ ਨੇ ਕਿਹਾ ਕਿ ਉਹ ਸਾਲ 2015 ‘ਚ ਬੰਗਲਾਦੇਸ਼ ਦੌਰੇ ਦੌਰਾਨ ਓਰਕੰਡੀ ਆਉਣਾ ਚਾਹੁੰਦੇ ਸਨ, ਪਰ ਅੱਜ ਇਹ ਇੱਛਾ ਪੂਰੀ ਹੋਈ ਹੈ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ‘ਚ ਪੱਛਮ ਬੰਗਾਲ ‘ਚ ਸ਼ਨਿੱਚਰਵਾਰ ਨੂੰ ਵੋਟਿੰਗ ਹੋਈ ਅਤੇ ਬੰਗਾਲ ‘ਚ ਵੀ ਮਤੂਆ ਭਾਈਚਾਰਾ ਕੁਝ ਸੀਟਾਂ ਉੱਤੇ ਮਹੱਤਵਪੂਰਨ ਪ੍ਰਭਾਵ ਪਾਉਂਦਾ ਹੈ। ਪੱਛਮੀ ਬੰਗਾਲ ‘ਚ ਮਤੂਆ ਭਾਈਚਾਰੇ ਦੀ ਆਬਾਦੀ ਲਗਭਗ 2 ਕਰੋੜ ਹੈ।
ਸ਼ਨਿੱਚਰਵਾਰ ਨੂੰ ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਜਸ਼ੋਰੇਸ਼ਵਰੀ ਮੰਦਰ ‘ਚ ਕਾਲੀ ਮਾਤਾ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਹ ਗੋਪਾਲਗੰਜ ਜ਼ਿਲ੍ਹੇ ਦੇ ਤੁੰਗੀਪਾਰਾ ਵਿਖੇ ਬੰਗਬੰਧੂ ਯਾਦਗਾਰੀ ਥਾਂ ‘ਤੇ ਪਹੁੰਚੇ ਅਤੇ ਰਾਸ਼ਟਰਬੰਧੂ ਦੇ ਪਿਤਾ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਹ ਮਤੂਆ ਭਾਈਚਾਰੇ ਦੇ ਓਰਕੰਡੀ ਮੰਦਰ ਪਹੁੰਚੇ ਅਤੇ ਉਥੇ ਮੱਥਾ ਟੇਕਿਆ। ਓਰਕੰਡੀ ਉਹੀ ਥਾਂ ਹੈ, ਜਿੱਥੇ ਮਤੂਆ ਭਾਈਚਾਰੇ ਦੇ ਸੰਸਥਾਪਕ ਹਰੀਸ਼ਚੰਦਰ ਠਾਕੁਰ ਦਾ ਜਨਮ ਹੋਇਆ ਸੀ। ਮਤੂਆ ਭਾਈਚਾਰਾ ਬੰਗਾਲ ਚੋਣਾਂ ਦੇ ਮਾਮਲੇ ‘ਚ ਕਾਫ਼ੀ ਅਹਿਮ ਥਾਂ ਰੱਖਦਾ ਹੈ।
ਮਤੂਆ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, “ਭਾਰਤ ‘ਚ ਰਹਿਣ ਵਾਲੇ ਮਤੂਆ ਸਮਾਜ ਦੇ ਹਜ਼ਾਰਾਂ ਲੋਕ ਇਸ ਮੰਦਰ ‘ਚ ਆ ਕੇ ਉਹੋ ਜਿਹਾ ਮਹਿਸੂਸ ਕਰਦੇ ਹਨ, ਜਿਵੇਂ ਮੈਂ ਅੱਜ ਮਹਿਸੂਸ ਕੀਤਾ। ਇਸ ਮੌਕੇ ਦੀ ਉਡੀਕ ਮੈਂ ਕਈ ਸਾਲਾਂ ਤੋਂ ਕਰ ਰਿਹਾ ਸੀ। ਜਦੋਂ ਮੈਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਾਲ 2015 ‘ਚ ਪਹਿਲੀ ਵਾਰ ਬੰਗਲਾਦੇਸ਼ ਆਇਆ ਸੀ ਤਾਂ ਮੈਂ ਇਸ ਮੰਦਰ ‘ਚ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਮੈਨੂੰ ਹੁਣ ਇਹ ਮੌਕਾ ਮਿਲਿਆ। ਮੈਨੂੰ ਯਾਦ ਹੈ ਕਿ ਜਦੋਂ ਮੈਂ ਪੱਛਮੀ ਬੰਗਾਲ ਦੇ ਠਾਕੁਰ ਨਗਰ ਗਿਆ ਸੀ ਤਾਂ ਮੇਰੇ ਮਤੂਆ ਭਾਈ-ਭੈਣਾਂ ਨੇ ਮੈਨੂੰ ਉੱਥੇ ਬਹੁਤ ਪਿਆਰ ਦਿੱਤਾ ਸੀ। ਖ਼ਾਸਕਰ ਬੋਰੋਮਾ ਦਾ ਪਿਆਰ ਮਾਂ ਵਰਗਾ ਸੀ।” ਉਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ‘ਤੇ ਬਹੁਤ ਸਾਰੀਆਂ ਵਧਾਈਆਂ ਅਤੇ ਸ਼ੁੱਭ-ਮਨਾਵਾਂ ਦਿੱਤੀਆਂ।
ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਓਰਕੰਡੀ ‘ਚ ਲੜਕੀਆਂ ਦੇ ਮਿਡਲ ਸਕੂਲ ਨੂੰ ਅਪਗ੍ਰੇਡ ਕਰੇਗੀ ਅਤੇ ਇੱਥੇ ਇਕ ਪ੍ਰਾਇਮਰੀ ਸਕੂਲ ਵੀ ਸਥਾਪਤ ਕਰੇਗੀ। ਇਹ ਭਾਰਤ ਦੇ ਕਰੋੜਾਂ ਲੋਕਾਂ ਲਈ ਹਰੀਚੰਦ ਠਾਕੁਰਜੀ ਨੂੰ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਤੇ ਬੰਗਲਾਦੇਸ਼ ਦੋਵੇਂ ਕੋਰੋਨਾ ਵਿਰੁੱਧ ਮਜ਼ਬੂਤੀ ਨਾਲ ਮੁਕਾਬਲਾ ਕਰ ਰਹੇ ਹਨ। ਮੇਡ ਇਨ ਇੰਡੀਆ ਟੀਕਾ ਬੰਗਲਾਦੇਸ਼ ਦੇ ਨਾਗਰਿਕਾਂ ਤਕ ਵੀ ਪਹੁੰਚਿਆ, ਭਾਰਤ ਇਸ ਨੂੰ ਆਪਣਾ ਫ਼ਰਜ਼ ਮੰਨ ਕੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਸਾਹਮਣੇ ਇਕ ਸਮਾਨ ਚੁਣੌਤੀਆਂ ਹਨ, ਇਨ੍ਹਾਂ ਦੇ ਹੱਲ ਲਈ ਹਰੀਚੰਦ ਦੇਵ ਜੀ ਦੀ ਪ੍ਰੇਰਣਾ ਬਹੁਤ ਮਹੱਤਵਪੂਰਨ ਹੈ। ਦੋਵਾਂ ਦੇਸ਼ ਮਿਲ ਕੇ ਹਰੇਕ ਚੁਣੌਤੀ ਦਾ ਸਾਹਮਣਾ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਦੋਵੇਂ ਆਪਣੀ ਤਰੱਕੀ ਨਾਲ ਪੂਰੀ ਦੁਨੀਆਂ ਦੀ ਤਰੱਕੀ ਨੂੰ ਵੇਖਣਾ ਚਾਹੁੰਦੇ ਹਨ। ਦੋਵੇਂ ਦੇਸ਼ ਵਿਸ਼ਵ ‘ਚ ਅਸਥਿਰਤਾ, ਅਤਿਵਾਦ ਅਤੇ ਅਸ਼ਾਂਤੀ ਦੀ ਥਾਂ ਸਥਿਰਤਾ, ਪਿਆਰ ਤੇ ਸ਼ਾਂਤੀ ਚਾਹੁੰਦੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੱਖਣੀ-ਪੂਰਬੀ ਸਤਖੀਰਾ ਸਥਿੱਤ ਜੇਸ਼ੋਰੇਸ਼ਵਰੀ ਕਾਲੀ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਪੂਜਾ ਕੀਤੀ। ਇਹ 51 ਸ਼ਕਤੀਪੀਠਾਂ ‘ਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ, “ਮੈਂ ਕਾਮਨਾ ਕੀਤੀ ਕਿ ਮਾਂ ਕਾਲੀ ਦੁਨੀਆਂ ਨੂੰ ਕੋਰੋਨਾ ਦੇ ਸੰਕਟ ਤੋਂ ਮੁਕਤੀ ਦਿਵਾਉਣ।” ਮੋਦੀ ਨੇ ਕਾਲੀ ਮਾਂ ਦੀ ਮੂਰਤੀ ਨੂੰ ਹੱਥ ਨਾਲ ਬਣਿਆ ਤਾਜ਼ ਵੀ ਭੇਟ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਦੀ ਲਾਗ ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ ਮਾਰਚ 2020 ‘ਚ ਰੱਦ ਕਰ ਦਿੱਤੀ ਗਈ ਸੀ। ਉਦੋਂ ਪੀਐਮ ਮੋਦੀ ਨੇ ਬੰਗਲਾਦੇਸ਼ ਜਾਣਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ੇਖ ਮੁਜੀਬੁਰ ਰਹਿਮਾਨ ਦੇ ਜਨਮ ਸ਼ਤਾਬਦੀ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ 17 ਮਾਰਚ 2020 ਨੂੰ ਬੰਗਲਾਦੇਸ਼ ਦੀ ਯਾਤਰਾ ਕਰਨੀ ਸੀ।

Video Ad
Video Ad