ਪਿਛਲੇ ਦਿਨੀਂ ਭਾਰਤ ਆਪਣੇ ਪੰਜਾਬ ਦੀ ਧਰਤੀ ‘ਤੇ ਜਾਣ ਦਾ ਮੌਕਾ ਮਿਲਿਆ। ਕਈ ਦਿਨ ਘੁੰਮੇ ਫਿਰੇ। ਯਾਰਾਂ-ਦੋਸਤਾਂ ਨਾਲ ਅਸਲ ਸਥਿਤੀ ਨੂੰ ਜਾਨਣ ਦਾ ਮੌਕਾ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਮੀਨੀ ਹਕੀਕਤਾਂ ਨੂੰ ਜਾਣ ਕੇ ਮਨ ਭਰ ਜਾਂਦਾ ਹੈ ਕਿ ਸਾਡੇ ਦੇਸ਼ ਦੇ ਲੋਕ ਕਿਸ ਤਰ੍ਹਾਂ ਵਿਚਰ ਰਹੇ ਹਨ। ਬੱਚਿਆਂ ਦੇ ਰੇਪ ਹੋ ਰਹੇ ਹਨ। ਸਕੂਲਾਂ ਵਿੱਚ ਪੜ੍ਹਾਈ ਤੋਂ ਬੱਚੇ ਵਾਂਝੇ ਰਹਿ ਰਹੇ ਹਨ। ਗ਼ਰੀਬੀ ਕਾਰਨ ਬੱਚੇ ਮਾਪੇ ਪੜ੍ਹਾ ਨਹੀਂ ਸਕਦੇ। ਇਹ ਹਾਲ ਇੱਕ ਜਗ੍ਹਾ ਦਾ ਨਹੀਂ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਖ਼ਾਸਕਰ ਭਾਰਤ ਦੇ ਲੋਕਾਂ ਦੀ ਇਹ ਤ੍ਰਾਸਦੀ ਬਣ ਚੁੱਕੀ ਹੈ। ਦੂਸਰੇ ਨੰਬਰ ‘ਤੇ ਜੋ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ ਇਸ ਦੇ ਵਿੱਚ ਵੀ ਹਾਲੇ ਤੱਕ ਕਿਸੇ ਨੂੰ ਕੋਈ ਸਮਝ ਨਹੀਂ ਆਈ ਕਿ ਕੀ ਸੱਚ ਹੈ, ਕੀ ਝੂਠ ਹੈ? ਸਾਰੇ ਆਪੋ-ਆਪਣੇ ਦੇਸ਼ਾਂ ਨੇ ਵੈਕਸੀਨਾਂ ਬਣਾ ਲਈਆਂ ਹਨ, ਟੀਕੇ ਵੀ ਲਗਾਏ ਜਾ ਰਹੇ ਹਨ ਪਰ ਬਿਮਾਰੀ ਦੀ ਤਾਂ ਰੋਕਥਾਮ ਨਹੀਂ ਹੋਈ।
ਸਰਕਾਰਾਂ ਵੱਲੋਂ ਵੱਡੇ ਪੱਧਰ ‘ਤੇ ਜ਼ੋਰ ਲਾਉਣ ਦੇ ਬਾਵਜੂਦ ਵੀ ਕੋਰੋਨਾ ਮਹਾਂਮਾਰੀ ਅਮਰਵੇਲ ਦੀ ਤਰ੍ਹਾਂ ਵੱਧ ਰਹੀ ਹੈ ਅਤੇ ਲੋਕ ਇਸ ਦੇ ਕਲਾਵੇ ‘ਚ ਆ ਰਹੇ ਹਨ। ਜਨਤਾ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਹੈਰਾਨੀ ਹੈ ਕਿ ਇਹ ਬਿਮਾਰੀ ਸਰਕਾਰੀ ਇਕੱਠਾਂ ‘ਚ ਨਹੀਂ ਫੈਲ ਰਹੀ, ਸਗੋਂ ਆਮ ਜਨਤਾ ਦਾ ਕਚੂੰਮਰ ਕੱਢ ਕੇ ਇਸ ਦਾ ਡਰ ਪੈਦਾ ਕੀਤਾ ਜਾ ਰਿਹਾ ਹੈ । ਬੰਗਾਲ ਜਾਂ ਹੋਰਨਾਂ ਸੂਬਿਆਂ ਅੰਦਰ ਚੋਣਾਂ ਹੋ ਰਹੀਆਂ ਹਨ, ਉੱਥੇ ਕੋਰੋਨਾ ਦਾ ਕਿਸੇ ਨੂੰ ਕੋਈ ਡਰ ਨਹੀਂ ਹੈ। ਪਿਛਲੇ ਦਿਨੀਂ ਝਾੜੂ ਵਾਲਿਆਂ ਦੀ ਬਾਘੇ ਪੁਰਾਣੇ ਵਿਚ ਰੈਲੀ ਹੋਈ ਸੀ, ਉੱਥੇ ਲੱਖਾਂ ਬੰਦਾ ਇਕੱਠਾ ਹੋਇਆ, ਉੱਥੇ ਕੋਰੋਨਾ ਦਾ ਕੋਈ ਡਰ ਨਹੀਂ ਸੀ। ਲੋਕਾਂ ਨੂੰ ਕੋਰੋਨਾ ਦੇ ਮਰੀਜ਼ ਦੱਸ ਕੇ ਹਸਪਤਾਲਾਂ ਵਿੱਚ ਭਰਤੀ ਕਰਨ ਦਾ ਸਿਲਸਿਲਾ ਸ਼ਰ੍ਹੇਆਮ ਚੱਲ ਰਿਹਾ ਹੈ ਕਿਸੇ ਨੂੰ ਕੋਈ ਪਰਵਾਹ ਨਹੀਂ।
ਆਖ਼ਰ ਕਿਉਂ ਆਪਣੇ ਹੀ ਦੇਸ਼ ਦੀ ਜਨਤਾ ਨੂੰ ਮੂਰਖ ਬਣਾ ਕੇ ਉਨ੍ਹਾਂ ‘ਤੇ ਰਾਜ ਕਰਨ ਦੀ ਨੀਤੀ ਨੂੰ ਸਾਡੇ ਲੀਡਰ ਸਹਿਬਾਨ ਛੱਡ ਨਹੀਂ ਰਹੇ। ਜੋ ਗੱਲਾਂ ਸਾਡੇ ਦੇਸ਼ ਦੇ ਵਿੱਚ ਕਰਨੀਆਂ ਚਾਹੀਦੀਆਂ ਹਨ, ਸਰਕਾਰਾਂ ਉਸ ਤੋਂ ਕੋਹਾਂ ਦੂਰ ਹਨ। ਦਰੱਖਤ ਅਤੇ ਪਾਣੀ ਸੁੱਕ ਰਹੇ ਹਨ। ਪੰਜਾਬ ਦੀ ਜਵਾਨੀ ਰੁਲ ਰਹੀ ਹੈ, ਨੌਕਰੀਆਂ ਦੀ ਲੋੜ ਹੈ, ਉਹ ਕੁਝ ਸਰਕਾਰਾਂ ਨੂੰ ਵਿਖਾਈ ਨਹੀਂ ਦਿੰਦਾ। ਹੈਰਾਨੀ ਹੁੰਦੀ ਹੈ ਜਦੋਂ ਛੋਟੀਆਂ-ਛੋਟੀਆਂ ਗੱਲਾਂ ‘ਤੇ ਲੋਕਾਂ ਨੂੰ ਇਸ਼ਤਿਹਾਰਾਂ ਰਾਹੀਂ ਭਰਮਾ ਕੇ ਵੋਟਾਂ ਲੈਣ ਦਾ ਰਿਵਾਜ ਪੁਰਾਣਾ ਨਹੀਂ ਹੋਇਆ। ਇਸ ‘ਤੇ ਲੀਡਰ ਪੂਰੀ ਤਨਦੇਹੀ ਨਾਲ ਪਹਿਰਾ ਦੇ ਰਹੇ ਹਨ । ਪੰਜਾਬ ਅੰਦਰ ਜਾਣ ਮੌਕੇ ਵੇਖਿਆ ਕਿ ਦਰੱਖਤ ਸੁੱਕ ਰਹੇ ਹਨ, ਦਵਾਈਆਂ ਦੀ ਮਾਰ ਕਾਰਨ ਪੰਜਾਬ ਦੀ ਧਰਤੀ ਬਰਬਾਦ ਹੋ ਰਹੀ ਹੈ, ਉਸ ‘ਤੇ ਸਰਕਾਰ ਦਾ ਪਤਾ ਨੀ ਧਿਆਨ ਕਿਉਂ ਨਹੀਂ ਜਾਂਦਾ। ਪੰਜਾਬ ਦੀ ਜੁਆਨੀ ਜਹਾਜ਼ ਚੜ੍ਹ ਕੇ ਬਾਹਰਲੇ ਮੁਲਕਾਂ ਨੂੰ ਜਾ ਰਹੀ ਹੈ।
ਨਸ਼ੇ ਰੂਪੀ ਦੈਂਤ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ਕਰੋੜਾਂ ਰੁਪਿਆ ਨਸ਼ੇ ਦੇ ਸੌਦਾਗਰਾਂ ਦੀਆਂ ਜੇਬਾਂ ‘ਚ ਜਾ ਰਿਹਾ ਹੈ ਪਰ ਸਰਕਾਰ ਨੂੰ ਉਸ ‘ਤੇ ਵੀ ਕੋਈ ਕੰਟਰੋਲ ਕਰਨ ਦੀ ਜਾਚ ਲੱਗਦਾ ਨਹੀਂ ਆ ਰਹੀ। ਪਹਿਲੀ ਨਜ਼ਰੇ ਵੇਖਿਆਂ ਹੀ ਹਰ ਇਕ ਦੀਆਂ ਅੱਖਾਂ ਵਿੱਚੋਂ ਅੱਥਰੂ ਕਿਰਨ ਲੱਗਦੇ ਹਨ, ਜਦ ਉਨ੍ਹਾਂ ਵੱਲੋਂ ਆਪਣੀ ਜੁਆਨੀ ਦੀ ਹਾਲਤ ਵੇਖੀ ਜਾਂਦੀ ਹੈ, ਜੋ ਨਸ਼ੇ ਦੀ ਮਾਰੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਚੁੱਕੀ ਹੈ। ਪੰਜਾਬ ਦੀ ਧਰਤੀ ਤੇ ਨਦੀਆਂ ਤੇ ਨਾਲੇ, ਦਰਖ਼ਤ ਸੁੱਕਣ ਤੋਂ ਬਾਅਦ ਆਕਸੀਜਨ ਦੀ ਕਮੀ ਨੇ ਪੂਰੇ ਪੰਜਾਬ ਨੂੰ ਬੀਮਾਰੀਆਂ ਦੀ ਗ੍ਰਿਫਤ ‘ਚ ਲੈ ਲਿਆ ਹੈ। ਘਰ-ਘਰ ਦਵਾਈਆਂ ਦੇ ਮਰੀਜ਼ ਬਣ ਚੁੱਕੇ ਹਨ। ਕੈਂਸਰ ਦੀ ਟ੍ਰੇਨ ਬੀਕਾਨੇਰ ਨੂੰ ਜਾਂਦੀ ਹੈ। ਦਿਹਾੜੀ-ਦੱਪਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਚੁੱਕੀ ਹੈ। ਉਨ੍ਹਾਂ ਦੀ ਹਾਲਤ ਵੇਖ ਕੇ ਮਨ ਪਸੀਜ ਜਾਂਦਾ ਹੈ ਕਿ ਅਸੀਂ ਕਿਸ ਦੇਸ਼ ਦੇ ਵਾਸੀ ਹਾਂ।
ਜੋ ਟ੍ਰੈਫਿਕ ਦਾ ਹਾਲ ਮੇਰੇ ਰੰਗਲੇ ਭਾਰਤ ਦੀ ਧਰਤੀ ‘ਤੇ ਹੋ ਚੁੱਕਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ। ਲੋਕੀਂ ਇਕ-ਦੂਜੇ ਦੇ ਵਿੱਚ ਸੜਕਾਂ ‘ਤੇ ਇਸ ਤਰ੍ਹਾਂ ਵੱਜਦੇ ਫਿਰਦੇ ਹਨ, ਜਿਵੇਂ ਕਿਸੇ ਨੂੰ ਟ੍ਰੈਫਿਕ ਦੀ ਜਾਚ ਹੀ ਨਾ ਹੋਵੇ ਅਤੇ ਵਾਹਨ ਚਲਾਉਣੇ ਹੀ ਨਾ ਆਉਂਦੇ ਹੋਣ। ਪਿਛਲੇ ਦਿਨੀਂ ਬਹੁਤ ਸਾਰੀਆਂ ਦੁਰਘਟਨਾਵਾਂ ਸੜਕਾਂ ‘ਤੇ ਵਾਪਰੀਆਂ, ਜਿਨ੍ਹਾਂ ਨੂੰ ਵੇਖ ਕੇ ਮਾਲਕ ਦੀ ਯਾਦ ਆ ਜਾਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਜ਼ਿੰਦਗੀ ਬਸ਼ਰ ਕਰ ਰਹੇ ਹਾਂ। ਜੇਕਰ ਸਾਰੇ ਖੇਤਰਾਂ ‘ਤੇ ਧਿਆਨ ਮਾਰੀਏ ਤਾਂ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਪੰਜਾਬ ਦੀ ਹਾਲਤ ‘ਤੇ ਤਰਸ ਆਉਂਦਾ ਹੈ। ਸਰਕਾਰੀ ਦਫ਼ਤਰਾਂ ‘ਚ ਭ੍ਰਿਸ਼ਟਾਚਾਰ ਹੱਦਾਂ ਬੰਨ੍ਹੇ ਟੱਪ ਚੁੱਕਿਆ ਹੈ। ਕੁੱਲ ਮਿਲਾ ਕੇ ਸਾਰੇ ਖੇਤਰਾਂ ਦੀ ਹਾਲਤ ਨੂੰ ਬਿਆਨ ਕਰਦਿਆਂ ਇਕੋ ਗੱਲ ਆਖ ਸਕਦੇ ਹਾਂ ਕਿ ਪੰਜਾਬ ਸਿਆਂ ਔਖਾ ਹੈ ਤੇਰਾ…
– ਸਿੰਦਰ ਸਿੰਘ ਮੀਰਪੁਰੀ,
ਫਰਿਜ਼ਨੋ, ਯੂ.ਐਸ.ਏ.
55928-50841