ਕਟੀਆਂ-ਫਟੀਆਂ ਜੀਨਸ ਪਹਿਨਣ ਵਾਲੀਆਂ ਔਰਤਾਂ ਸਮਾਜ ਨੂੰ ਕੀ ਮੈਸੇਜ਼ ਦੇ ਰਹੀਆਂ ਹਨ? : ਤੀਰਥ ਸਿੰਘ ਰਾਵਤ

ਦੇਹਰਾਦੂਨ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਆਪਣੇ ਬਿਆਨਾਂ ਕਾਰਨ ਲਗਾਤਾਰ ਚਰਚਾ ‘ਚ ਬਣੇ ਹੋਏ ਹਨ। ਪੀਐਮ ਮੋਦੀ ਦੀ ਤੁਲਨਾ ਭਗਵਾਨ ਰਾਮ ਨਾਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਟੀ-ਫਟੀ ਜੀਨਸ ਪਹਿਨਣ ਵਾਲੀਆਂ ਲੜਕੀਆਂ ਤੇ ਔਰਤਾਂ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਔਰਤਾਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦੇਣਗੀਆਂ? ਤੀਰਥ ਸਿੰਘ ਰਾਵਤ ਦੇਹਰਾਦੂਨ ‘ਚ ਬਾਲ ਅਧਿਕਾਰਾਂ ਦੀ ਰੱਖਿਆ ਲਈ ਇਕ ਵਰਕਸ਼ਾਪ ਨੂੰ ਸੰਬੋਧਤ ਕਰ ਰਹੇ ਸਨ।
ਤੀਰਥ ਸਿੰਘ ਰਾਵਤ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵੱਲੋਂ ਆਯੋਜਿਤ ਕਾਨਫ਼ਰੰਸ ‘ਚ ਬੱਚਿਆਂ ਦੇ ਵੱਧ ਰਹੇ ਨਸ਼ਿਆਂ, ਰੋਕਥਾਮ ਅਤੇ ਮੁੜ ਵਸੇਬੇ ਦੇ ਵਿਸ਼ੇ ‘ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਬੱਚਾ ਘਰ ਤੋਂ ਹੀ ਸੰਸਕਾਰ ਸਿੱਖਦਾ ਹੈ ਸਕੂਲ ਤੋਂ ਨਹੀਂ। ਬੱਚਾ ਉਹੀ ਕਰਦਾ ਹੈ ਜੋ ਉਹ ਵੇਖਦਾ ਹੈ। ਮੁੱਖ ਮੰਤਰੀ ਇੱਥੇ ਨਹੀਂ ਰੁਕੇ, ਸਗੋਂ ਉਨ੍ਹਾਂ ਨੇ ਪੱਛਮੀ ਸਭਿਅਤਾ ‘ਤੇ ਤੰਜ ਕਸਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਪੂਰਾ ਭਾਸ਼ਣ ਇਸੇ ‘ਚ ਉਲਝ ਕੇ ਰਹਿ ਗਿਆ।
ਤੀਰਥ ਸਿੰਘ ਰਾਵਤ ਨੇ ਕਿਹਾ ਕਿ ਉਹ ਇਕ ਔਰਤ ਨੂੰ ਕਟੀ ਫਟੀ ਜੀਨਸ ਪਹਿਨ ਕੇ ਇਕ ਐਨਜੀਓ ਚਲਾ ਰਹੀ ਵੇਖ ਕੇ ਹੈਰਾਨ ਸਨ ਅਤੇ ਚਿੰਤਤ ਸਨ ਕਿ ਉਹ ਸਮਾਜ ‘ਚ ਕਿਸ ਕਿਸਮ ਦੀ ਉਦਾਹਰਣ ਪੇਸ਼ ਕਰ ਰਹੀ ਹੈ? ਉਨ੍ਹਾਂ ਕਿਹਾ, “ਜੇ ਇਸ ਤਰ੍ਹਾਂ ਦੀ ਔਰਤ ਸਮਾਜ ਦੇ ਲੋਕਾਂ ਨੂੰ ਮਿਲਣ ਜਾਏਗੀ, ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨਗੀਆਂ ਤਾਂ ਅਸੀਂ ਆਪਣੇ ਸਮਾਜ, ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇ ਰਹੇ ਹਾਂ? ਇਹ ਸਭ ਘਰ ਤੋਂ ਸ਼ੁਰੂ ਹੁੰਦਾ ਹੈ। ਬੱਚੇ ਸਿੱਖਦੇ ਹਨ ਕਿ ਅਸੀਂ ਕੀ ਕਰਦੇ ਹਾਂ। ਜੇ ਬੱਚੇ ਨੂੰ ਘਰ ‘ਚ ਸਹੀ ਸੱਭਿਆਚਾਰ ਸਿਖਾਇਆ ਜਾਂਦਾ ਹੈ, ਭਾਵੇਂ ਉਹ ਕਿੰਨਾ ਵੀ ਆਧੁਨਿਕ ਬਣ ਜਾਵੇ, ਉਹ ਜ਼ਿੰਦਗੀ ‘ਚ ਕਦੇ ਅਸਫਲ ਨਹੀਂ ਹੋਵੇਗਾ।”
ਉਨ੍ਹਾਂ ਕਿਹਾ ਕਿ ਇਕ ਪਾਸੇ ਜਦ ਪੱਛਮੀ ਦੇਸ਼ ਭਾਰਤ ਦੇ ਯੋਗਾ ਅਤੇ ਆਪਣੇ ਸਰੀਰ ਨੂੰ ਢੱਕਣ ਦੀ ਪਰੰਪਰਾ ਨੂੰ ਵੇਖਦੇ ਹਨ, ਦੂਜੇ ਪਾਸੇ ‘ਅਸੀਂ ਨਗਨਤਾ ਦੇ ਮਗਰ ਦੌੜਦੇ ਹਾਂ’। ਉਨ੍ਹਾਂ ਕਿਹਾ ਕਿ ਕੈਂਸਰ ਵਾਲਾ ਸੰਸਕਾਰ – ਗੋਡੇ ਵਿਖਾਉਣ, ਫਟਿਆ ਹੋਇਆ ਡੈਨੀਮ ਪਹਿਨਣ ਅਤੇ ਅਮੀਰ ਬੱਚਿਆਂ ਦੀ ਤਰ੍ਹਾਂ ਲੱਗਣਾ – ਇਹ ਸਭ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ। ਜੇ ਘਰੋਂ ਨਹੀਂ ਆ ਰਿਹਾ, ਤਾਂ ਇਹ ਕਿੱਥੋਂ ਆ ਰਿਹਾ ਹੈ? ਇਸ ‘ਚ ਸਕੂਲ ਅਤੇ ਅਧਿਆਪਕਾਂ ਦਾ ਕੀ ਕਸੂਰ ਹੈ? ਮੈਂ ਆਪਣੀ ਪਾਟੀ ਹੋਈ ਜੀਨਸ ‘ਚ ਆਪਣੇ ਗੋਡੇ ਨੂੰ ਵੇਖਦਿਆਂ ਕਿੱਥੇ ਜਾ ਰਿਹਾ ਹਾਂ? ਕੁੜੀਆਂ ਵੀ ਘੱਟ ਨਹੀਂ ਹਨ, ਆਪਣੇ ਗੋਡੇ ਵਿਖਾ ਰਹੀਆਂ ਹਨ, ਕੀ ਇਹ ਚੰਗੀ ਗੱਲ ਹੈ?
ਉਨ੍ਹਾਂ ਦੇ ਨਵੇਂ ਮੰਤਰੀ ਗਣੇਸ਼ ਜੋਸ਼ੀ ਨੇ ਵੀ ਇਕ ਬਿਆਨ ਦਿੱਤਾ ਕਿ ਔਰਤਾਂ ਨੂੰ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਔਰਤਾਂ ਇਸ ਬਾਰੇ ਗੱਲ ਕਰਦੀਆਂ ਹਨ ਕਿ ਉਹ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਉਹ ਹੈ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਦੇਖਭਾਲ ਕਰਨ।”

Video Ad
Video Ad