
ਕਪੂਰਥਲਾ, 25 ਜਨਵਰੀ, ਹ.ਬ. : ਮੰਗਲਵਾਰ ਨੂੰ ਕਪੂਰਥਲਾ ਦੇ ਡੀਸੀ ਚੌਕ ’ਤੇ ਟ੍ਰੈਫਿਕ ਪੁਲਸ ਵਾਲਿਆਂ ਨੇ ਛੋਟਾ ਹੱਥੀ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਉਥੋਂ ਗੱਡੀ ਲੈ ਕੇ ਭੱਜ ਗਿਆ। ਇਸ ਦੌਰਾਨ ਚੌਕ ਵਿੱਚ ਖੜ੍ਹੇ ਟਰੈਫਿਕ ਪੁਲਸ ਦੇ ਏਐਸਆਈ ਮਲਕੀਤ ਸਿੰਘ ਦੀ ਜੈਕੇਟ ਛੋਟੇ ਹਾਥੀ ਵਿੱਚ ਫਸ ਗਈ। ਪੁਲਸ ਵਾਲੇ ਛੋਟੇ ਹਾਥੀ ਦੇ ਪਿੱਛੇ ਭੱਜੇ ਪਰ ਡਰਾਈਵਰ ਨੇ ਗੱਡੀ ਦੀ ਰਫ਼ਤਾਰ ਵਧਾ ਦਿੱਤੀ। ਏਐਸਆਈ ਗੱਡੀ ਵਿੱਚ ਹੀ ਫਸਿਆ ਰਿਹਾ ਅਤੇ ਡਰਾਈਵਰ ਤੇਜ਼ ਰਫ਼ਤਾਰ ਨਾਲ ਭੱਜਦਾ ਰਿਹਾ। ਕਰੀਬ ਅੱਧਾ ਕਿੱਲੋਮੀਟਰ ਜਾ ਕੇ ਮਲਕੀਤ ਸਿੰਘ ਦੀ ਜੈਕੇਟ ਫਟ ਗਈ ਅਤੇ ਉਹ ਹੇਠਾਂ ਡਿੱਗ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਐਸਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਡਰਾਈਵਰ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਦੁਪਹਿਰ ਢਾਈ ਵਜੇ ਦੇ ਕਰੀਬ ਟਰੈਫਿਕ ਪੁਲਸ ਮੁਲਾਜ਼ਮਾਂ ਨੇ ਡੀਸੀ ਚੌਕ ’ਤੇ ਨਾਕਾਬੰਦੀ ਕਰ ਦਿੱਤੀ ਸੀ। ਇਸੇ ਦੌਰਾਨ ਕਰਤਾਰਪੁਰ ਵੱਲੋਂ ਇੱਕ ਛੋਟਾ ਹਾਥੀ ਆਇਆ, ਜਿਸ ਨੂੰ ਟਰੈਫ਼ਿਕ ਮੁਲਾਜ਼ਮਾਂ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਛੋਟੇ ਹਾਥੀ ਦੇ ਚਾਲਕ ਨੇ ਰੁਕਣ ਦੀ ਬਜਾਏ ਆਪਣੀ ਗੱਡੀ ਜਲੰਧਰ ਵੱਲ ਭਜਾ ਦਿੱਤੀ। ਇਸ ਦੌਰਾਨ ਏਐਸਆਈ ਮਲਕੀਤ ਸਿੰਘ ਦੀ ਜੈਕੇਟ ਗੱਡੀ ਵਿੱਚ ਫਸ ਗਈ ਅਤੇ ਡਰਾਈਵਰ ਉਸ ਨੂੰ ਘੜੀਸ ਕੇ ਲੈ ਗਿਆ। ਉਸ ਦੇ ਸਰੀਰ ’ਤੇ ਕਾਫੀ ਸੱਟਾਂ ਸਨ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।