ਕਪੂਰਥਲਾ, 8 ਮਈ, ਹ.ਬ . : ਕਪੂਰਥਲਾ ਦੇ ਬੇਗੋਵਾਲ-ਸੁਭਾਨਪੁਰ ਰੋਡ ’ਤੇ ਨਡਾਲਾ ਚੌਕ ਨੇੜੇ ਸੋਮਵਾਰ ਸਵੇਰੇ 7.30 ਵਜੇ ਤੇਜ਼ ਰਫਤਾਰ ਬੱਜਰੀ ਨਾਲ ਭਰੇ ਟਿੱਪਰ ਨੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੱਸ ਦੇ ਸਾਈਡ ਸ਼ੀਸ਼ੇ ਟੁੱਟ ਗਏ ਅਤੇ ਬੱਸ ਵਿੱਚ ਬੈਠੇ ਬੱਚੇ ਵਾਲ-ਵਾਲ ਬਚ ਗਏ। ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ 7.30 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਿੱਪਰ ਬੱਜਰੀ ਲੈ ਕੇ ਬੇਗੋਵਾਲ ਤੋਂ ਸੁਭਾਨਪੁਰ ਵੱਲ ਜਾ ਰਿਹਾ ਸੀ। ਟਿੱਪਰ ਚਾਲਕ ਨੇ ਬਿਨਾਂ ਸਾਈਡ ਦੇਖ ਕੇ ਨਡਾਲਾ ਚੌਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਢਿਲਵਾਂ ਰੋਡ ਵਾਲੇ ਪਾਸੇ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਨਾਲ ਉਸ ਦੀ ਟੱਕਰ ਹੋ ਗਈ। ਸਕੂਲ ਬੱਸ ਨੂੰ ਡਰਾਈਵਰ ਮਨਦੀਪ ਸਿੰਘ ਚਲਾ ਰਿਹਾ ਸੀ। ਟੱਕਰ ਲੱਗਣ ਕਾਰਨ ਬੱਸ ਦੇ ਸਾਈਡ ਸ਼ੀਸ਼ੇ ਟੁੱਟ ਗਏ ਜਦਕਿ ਬੱਸ ਅੰਦਰ ਬੈਠੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸਕੂਲ ਬੱਸ ਡਰਾਈਵਰ ਅਨੁਸਾਰ ਉਸ ਨੇ ਟਿੱਪਰ ਨੂੰ ਰੋਕਣ ਲਈ ਵਾਰ-ਵਾਰ ਹਾਰਨ ਵਜਾਇਆ ਪਰ ਟਿੱਪਰ ਚਾਲਕ ਨੇ ਇੱਕ ਨਹੀਂ ਸੁਣੀ। ਹਾਦਸੇ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪੇ ਮੌਕੇ ’ਤੇ ਪਹੁੰਚ ਗਏ। ਬੱਚਿਆਂ ਨੂੰ ਚੰਗੀ ਤਰ੍ਹਾਂ ਦੇਖ ਕੇ ਉਨ੍ਹਾਂ ਦੀ ਜਾਨ ਵਿੱਚ ਜਾਨ ਆ ਗਈ। ਮਾਮੂਲੀ ਸੱਟਾਂ ਲੱਗਣ ਵਾਲੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਬੱਚਿਆਂ ਦੇ ਰਿਸ਼ਤੇਦਾਰਾਂ ਨੇ ਅਣਗਹਿਲੀ ਵਰਤਣ ਵਾਲੇ ਡਰਾਈਵਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Home ਤਾਜ਼ਾ ਖਬਰਾਂ ਕਪੂਰਥਲਾ: ਬੱਜਰੀ ਨਾਲ ਭਰੇ ਟਿੱਪਰ ਨੇ ਸਕੂਲੀ ਬੱਸ ਨੂੰ ਮਾਰੀ ਟੱਕਰ, ਸਵੇਰੇ ਵਾਪਰਿਆ ਹਾਦਸਾ, ਕਈ ਬੱਚੇ ਜ਼ਖਮੀ