Home ਤਾਜ਼ਾ ਖਬਰਾਂ ਕਬਾੜ ਦਾ ਕੰਮ ਕਰਨ ਵਾਲਾ ਪਰਿਵਾਰ ਬਣਿਆ ਕਰੋੜਪਤੀ

ਕਬਾੜ ਦਾ ਕੰਮ ਕਰਨ ਵਾਲਾ ਪਰਿਵਾਰ ਬਣਿਆ ਕਰੋੜਪਤੀ

0
ਕਬਾੜ ਦਾ ਕੰਮ ਕਰਨ ਵਾਲਾ ਪਰਿਵਾਰ ਬਣਿਆ ਕਰੋੜਪਤੀ

ਚੰਡੀਗੜ੍ਹ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਸਟੇਟ ਡੀਅਰ 100 ਮਾਸਿਕ ਲਾਟਰੀ ਨੇ ਕਬਾੜ ਦਾ ਕੰਮ ਕਰਨ ਵਾਲੇ ਪਰਿਵਾਰ ਦੀ ਰਾਤੋਂ-ਰਾਤ ਤਕਦੀਰ ਬਦਲ ਦਿੱਤੀ ਹੈ। ਬਾਘਾਪੁਰਾਣਾ ਦੀ ਰਹਿਣ ਵਾਲੀ ਘਰੇਲੂ ਸੁਆਣੀ ਆਸ਼ਾ ਰਾਣੀ ਨੇ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਮਹੀਨਾਵਾਰ ਲਾਟਰੀ ਦੀ ਖੁਸ਼ਨਸੀਬ ਜੇਤੂ ਆਸ਼ਾ ਨੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾ ਦਿੱਤੇ ਹਨ।
ਪਹਿਲਾ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੀ ਆਸ਼ਾ ਨੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਇਕ ਦਿਨ ਕਰੋੜਪਤੀ ਬਣ ਜਾਵੇਗੀ। ਉਸ ਨੇ ਕਿਹਾ ਕਿ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਇਹ ਸੁਪਨਾ ਸਾਕਾਰ ਹੋਣ ਵਾਂਗ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਬਾਘਾਪੁਰਾਣਾ ਵਿਖੇ ਕਬਾੜ ਦੀ ਦੁਕਾਨ ਹੈ ਅਤੇ ਉਸ ਦੇ ਦੋਵੇਂ ਬੇਟੇ ਦੁਕਾਨ ‘ਚ ਕੰਮ ਕਰਦੇ ਹਨ।
ਭਵਿੱਖੀ ਯੋਜਨਾ ਬਾਰੇ ਗੱਲ ਕਰਦਿਆਂ ਆਸਾ ਰਾਣੀ (61) ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਇਨਾਮੀ ਰਾਸ਼ੀ ਨਾਲ ਆਪਣਾ ਨਵਾਂ ਘਰ ਬਣਾਉਣਗੇ, ਕਿਉਂਕਿ ਉਨ੍ਹਾਂ ਦਾ ਮੌਜੂਦਾ ਮਕਾਨ ਉਨ੍ਹਾਂ ਦੇ ਵੱਡੇ ਪਰਿਵਾਰ ਲਈ ਬਹੁਤ ਛੋਟਾ ਹੈ ਅਤੇ ਬਾਕੀ ਰਕਮ ਦੀ ਵਰਤੋਂ ਉਨ੍ਹਾਂ ਦੇ ਪਰਿਵਾਰਕ ਕਾਰੋਬਾਰ ਦੇ ਵਿਸਥਾਰ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੱਡੀ ਇਨਾਮੀ ਰਾਸ਼ੀ ਉਨ੍ਹਾਂ ਦੀਆਂ ਆਰਥਿਕ ਤੰਗੀਆਂ ਦੂਰ ਕਰਨ ‘ਚ ਅਹਿਮ ਸਾਬਿਤ ਹੋਵੇਗੀ।
ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਟਿਕਟ ਸੀ-74263 ਦੀ ਜੇਤੂ ਆਸ਼ਾ ਰਾਣੀ ਨੇ ਦਸਤਾਵੇਜ਼ ਜਮਾਂ ਕਰਵਾ ਦਿੱਤੇ ਹਨ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਉਸ ਜੇਤੂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਇਨਾਮੀ ਰਾਸ਼ੀ ਉਨ੍ਹਾਂ ਦੇ ਖਾਤੇ ‘ਚ ਪਾ ਦਿੱਤੀ ਜਾਵੇਗੀ।