Home ਕਰੋਨਾ ਕਰੋਨਾ ਦਾ ਕੱਚ ਸੱਚ ਅਤੇ ਸਿੱਖਿਆ ਤੇ ਪੈ ਰਿਹਾ ਪ੍ਰਭਾਵ

ਕਰੋਨਾ ਦਾ ਕੱਚ ਸੱਚ ਅਤੇ ਸਿੱਖਿਆ ਤੇ ਪੈ ਰਿਹਾ ਪ੍ਰਭਾਵ

0
ਬੀਤੇ ਵਰ੍ਹੇ ਜੋ ਕਰੋਨਾ ਮਹਾਮਾਰੀ ਦਾ ਸੰਤਾਪ ਪੂਰੇ ਸੰਸਾਰ ਨੇ ਝੱਲਿਆ ਉਸ ਤੋਂ ਅਸੀਂ ਸਾਰੇ ਵਾਕਿਫ਼ ਹਾਂ। ਜਿੱਥੇ ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾਈ ਉੱਥੇ ਹਰ ਦੇਸ਼ ਨੂੰ ਆਰਥਿਕ ਪੱਖੋਂ ਵੱਡੀ ਸੱਟ ਵੱਜੀ। ਹਰ ਦੇਸ਼ ਦੀ ਅਰਥਵਿਵਸਥਾ ਇਸ ਵਾਪਰੇ ਕਹਿਰ ਕਰਕੇ ਡਗਮਗਾ ਗਈ। ਸਿਹਤ, ਆਰਥਿਕ ਸਥਿਤੀ, ਸਿੱਖਿਆ, ਸੰਚਾਰ, ਵਪਾਰ, ਖੇਤੀਬਾੜੀ ਹਰ ਖੇਤਰ ਨੇ ਕਰੋਨਾ ਮਹਾਮਾਰੀ ਦਾ ਪ੍ਰਭਾਵ ਕਬੂਲਿਆ । ਦਸੰਬਰ  2020 ਤੋਂ  ਬਾਅਦ ਜਦੋਂ ਲੋਕਡਾਊਨ ਖੁੱਲ੍ਹਾ ਤਾਂ ਲੋਕਾਂ ਦੀ ਚਿੰਤਾ ਕੁਝ ਘੱਟ ਹੋਈ। ਉਸ ਉਪਰੰਤ ਸਰਕਾਰ ਦੁਆਰਾ ਸਕੂਲ , ਕਾਲਜ ਤੇ ਹੋਰ ਵਿਦਿਅਕ ਅਦਾਰੇ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ। ਹੁਣ ਹਰ ਰੋਜ਼ ਕਰੋਨਾ ਦੇ ਕੇਸ ਵੱਧਣ ਦੀਆਂ ਖਬਰਾਂ ਨਿੱਤ ਟੀ. ਵੀ ਚੈੱਨਲਾਂ ਉੱਪਰ ਦਿਖਾਈਆਂ ਜਾ ਰਹੀਆਂ ਹਨ। ਜਿੰਨਾ ਵਿੱਚੋਂ ਸੱਚ ਅਤੇ ਝੂਠ ਦਾ ਨਿਰਣਾ ਲੈਣਾ ਮੁਸ਼ਕਿਲ ਹੋਇਆ ਹੈ।ਸਰਕਾਰ ਦੁਆਰਾ ਕਰੋਨਾ ਦੇ ਵੱਧਦੇ ਕੇਸਾਂ ਨੂੰ ਦੇਖ ਇੱਕ ਵਾਰ ਫਿਰ ਤੋਂ ਵਿਦਿਅਕ ਅਦਾਰੇ ਬੰਦ ਕਰਨ ਦਾ ਫੈਸਲਾ ਲਿਆ ਗਿਆ। ਕਿਉਂਕਿ ਕਰੋਨਾ ਦੇ ਚਲਦਿਆਂ ਕਿਸੇ ਵੀ ਜਗ੍ਹਾ ਉਪਰ ਭੀੜ ਇਕੱਠੀ ਕਰਨਾ ਸਖਤ ਮਨਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਕੀ ਕਰੋਨਾ ਕੇਵਲ ਵਿਦਿਅਕ ਅਦਾਰਿਆਂ ਵਿੱਚ ਸਰਗਰਮ ਹੈ। ਬੰਗਾਲ ਜਾਂ ਭਾਰਤ ਦੇ ਹੋਰ ਸੂਬਿਆਂ ਵਿੱਚ ਹੋ ਰਹੀਆਂ ਰਾਜਨੀਤਕ ਰੈਲੀਆਂ ਵਿੱਚ ਕਰੋਨਾ ਦਾ ਕੋਈ ਪ੍ਰਭਾਵ ਨਹੀ ਹੈ? ਇੱਕ ਅਧਿਆਪਕ ਹੋਣ ਦੇ ਤੌਰ ਤੇ ਮੈ ਦੇਖ ਚੁੱਕੀ ਹਾਂ ਕਿ ਤਕਰੀਬਨ ਹਰ ਸਕੂਲ ਦੁਆਰਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪੁਖਤਾ ਕਰਦੇ ਹੋਏ ਹਰ ਸਾਵਧਾਨੀ ਵਰਤੀ  ਜਾ ਰਹੀ ਹੈ। ਫਿਰ ਅਜਿਹੇ ਵਿੱਚ ਵਿਦਿਅਕ ਅਦਾਰਿਆਂ ਦਾ ਬੰਦ ਹੋਣਾ ਅਤੇ ਉਸਦੇ ਉੱਲਟ ਰਾਜਨੀਤਕ ਰੈਲੀਆਂ ਵਿੱਚ ਹਜ਼ਾਰਾਂ ਲੋਕਾਂ ਦਾ ਇਕੱਠ ਹੋਣਾ ਸਰਕਾਰਾਂ ਦੀ ਅਕਲ ਦਾ ਜਨਾਜ਼ਾ ਕੱਢ ਰਿਹਾ ਹੈ । ਹੁਣ ਕਰੋਨਾ ਨੂੰ ਇੱਕ ਰਾਜਨੀਤਕ ਹਥਿਆਰ ਤੇ ਮਲਕੀਅਤ ਦੇ ਤੌਰ ਉੱਪਰ ਵਰਤਿਆ ਜਾਣ ਲੱਗਾ ਹੈ।
ਕਿਸੇ ਵਿਦਵਾਨ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਕਿਸੇ ਦੇਸ਼ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਹੋ ਤਾਂ ਉੱਥੋਂ ਦੇ ਸਿੱਖਿਆ ਢਾਂਚੇ ਨੂੰ ਕਮਜ਼ੋਰ ਕਰੋ, ਜਦੋਂ ਕਿਸੇ ਦੇਸ਼ ਦੇ ਲੋਕ ਚੰਗੀ ਤਰ੍ਹਾਂ ਪੜ੍ਹ ਲਿਖ ਨਾ ਸਕਣ ਦੇ ਤਾਂ ਉਸ ਦੇਸ਼ ਦਾ ਅੰਤ ਵੀ ਨੇੜੇ ਅਤੇ ਅਸਾਨ ਹੋਵੇਗਾ। ਇਹੀ ਖੇਡ ਸਾਡੇ ਦੇਸ਼ ਵਿਚ ਖੇਡੀ ਜਾ ਰਹੀ ਹੈ, ਕਰੋਨਾ ਦਾ ਬਹਾਨਾ ਲਗਾ, ਸਿੱਖਿਅਕ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾਂ ਤੋਂ ਦੂਰ ਰੱਖਿਆ ਜਾ ਰਿਹਾ। ਆੱਨਲਾਈਨ ਪੇਪਰ ਲਏ ਜਾ ਰਹੇ ਹਨ, ਜਿਸ ਵਿੱਚ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਿ ਵਿਦਿਆਰਥੀ ਨੇ ਇਮਤਿਹਾਨ ਨਕਲ ਮਾਰ ਕੇ ਕੀਤਾ ਹੈ ਜਾਂ ਆਪਣੇ ਆਪ। ਸਿੱਖਿਆ ਦੇ ਪੱਧਰ ਵਿੱਚ ਬਹੁਤ ਵੱਡੀ ਗਿਰਾਵਟ ਆ ਰਹੀ ਹੈ। ਸਰਕਾਰਾਂ ਨੂੰ ਇਸ ਵੱਲ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਕਰੋਨਾ ਮਹਾਮਾਰੀ ਦੀ ਅਸਲੀਅਤ ਤੋਂ ਪਰਦਾ ਹਟਾਉਣਾ ਚਾਹੀਦਾ ਹੈ, ਹਾਂ ਜੇਕਰ ਕਰੋਨਾ ਮਹਾਮਾਰੀ ਨਾਲ ਰਾਜਨੀਤਕ ਪਾਰਟੀਆਂ ਦਾ ਕੋਈ ਸਮਝੋਤਾ ਹੋਇਆ ਹੈ ਕਿ ਰੈਲੀਆਂ ਵਿੱਚ ਕਰੋਨਾ ਦਾ ਕੋਈ ਅਸਰ ਨਹੀਂ ਹੋਵੇਗਾ  ਤਾਂ ਸਿੱਖਿਆ ਪ੍ਰਬੰਧ ਨੂੰ ਜਰੂਰ ਦੱਸਿਆ ਜਾਵੇ ਤਾਂ ਜੋ ਵਿਦਿਅਕ ਅਦਾਰੇ ਵੀ ਕਰੋਨਾ ਨਾਲ ਕੋਈ ਸਮਝੋਤਾ ਕਰ ਸਕਣ। ਕਿਉਂਕਿ ਇਹ ਸਾਡੇ ਦੇਸ਼ ਅਤੇ ਵਿਦਿਆਰਥੀਆਂ ਦੇ ਭਵਿੱਖ ਦਾ ਸਵਾਲ ਹੈ!
ਹਰਕੀਰਤ ਕੌਰ
 9779118066