Home ਕਰੋਨਾ ਕਰੋਨਾ ਸੱਚ ਜਾਂ ਸਾਜਿਸ਼

ਕਰੋਨਾ ਸੱਚ ਜਾਂ ਸਾਜਿਸ਼

0
ਬੀਤੇ ਵਰ੍ਹੇ ਜੋ ਕਰੋਨਾ ਮਹਾਮਾਰੀ ਦਾ ਸੰਤਾਪ ਪੂਰੇ ਸੰਸਾਰ ਨੇ ਝੱਲਿਆ ਉਸ ਤੋਂ ਅਸੀਂ ਸਾਰੇ ਵਾਕਿਫ਼ ਹਾਂ। ਜਿੱਥੇ ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾਈ ਉੱਥੇ ਹਰ ਦੇਸ਼ ਨੂੰ ਆਰਥਿਕ ਪੱਖੋਂ ਵੱਡੀ ਸੱਟ ਵੱਜੀ। ਹਰ ਦੇਸ਼ ਦੀ ਅਰਥਵਿਵਸਥਾ ਇਸ ਵਾਪਰੇ ਕਹਿਰ ਕਰਕੇ ਡਗਮਗਾ ਗਈ। ਸਿਹਤ, ਆਰਥਿਕ ਸਥਿਤੀ, ਸਿੱਖਿਆ, ਖੇਡ ਜਗਤ,ਸੰਚਾਰ, ਵਪਾਰ, ਖੇਤੀਬਾੜੀ ਹਰ ਖੇਤਰ ਨੇ ਕਰੋਨਾ ਮਹਾਮਾਰੀ ਦਾ ਪ੍ਰਭਾਵ ਕਬੂਲਿਆ। ਪਰ ਜਦ ਪਿਛਲੇ ਦਸੰਬਰ ਵਿੱਚ ਲਾਕਡਾਊਨ ਖੁੱਲਣ ਲੱਗਾ ਤਾਂ ਲੋਕਾਂ ਵਿੱਚ ਕੁਝ ਨਵੀਂ ਆਸ ਜਾਗੀ। ਜਿਵੇਂ ਪਹਿਲੇ ਲੇਖਾਂ ਵਿੱਚ ਵੀ ਜਿ਼ਕਰ ਕਰ ਚੁੱਕੇ ਹਾਂ ਕਿ ਇਸ ਮਹਾਮਾਰੀ ਦਾ ਸਭ ਤੋਂ ਜਿਆਦਾ ਬੁਰਾ ਅਸਰ ਸਿੱਖਿਆ ਤੇ ਖੇਡ ਖੇਤਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਮੰਨਦੇ ਹਾਂ ਕਿ ਆਰਥਿਕ ਪੱਖੋਂ ਵੀ ਦੇਸ਼ਾਂ ਨੂੰ ਠੇਸ ਲੱਗ ਰਹੀ ਹੈ, ਪਰ ਸਮਾਂ ਪਾ ਕੇ ਆਰਥਿਕ ਮੰਦਹਾਲੀ ਨੂੰ ਦੂਰ ਕੀਤਾ ਜਾ ਸਕਦਾ ਹੈ, ਪਰ ਜਿਹੜੇ ਵਿਦਿਆਰਥੀਆਂ ਦਾ ਪੜਨ ਦਾ ਸਮਾਂ ਹੁਣ ਬਰਬਾਦ ਹੋ ਰਿਹਾ ਹੈ ਉਹ ਦੁਬਾਰਾ ਕਦੇ ਵਾਪਿਸ ਨਹੀਂ ਆਵੇਗਾ।ਮੌਜੂਦਾ ਸਮੇਂ ਵਿੱਚ ਕਰੋਨਾ ਦਾ ਹਵਾਲਾ ਦੇ ਕੇਵਲ ਸਿੱਖਿਆ ਅਦਾਰਿਆਂ ਦਾ ਬੰਦ ਹੋਣਾ ਅਤੇ ਉਸਦੇ ਉੱਲਟ ਰਾਜਨੀਤਕ ਰੈਲੀਆਂ ਵਿੱਚ ਭਾਰੀ ਇਕੱਠ  ਹੋਣਾ ਸਰਕਾਰ ਦੀ ਅਕਲ ਦਾ ਜਨਾਜ਼ਾ ਕੱਢ ਰਿਹਾ ਹੈ। ਖੇਡ ਜਗਤ, ਖਿਡਾਰੀਆਂ ਅਤੇ ਖੇਡ ਪੇ੍ਮੀਆਂ ਨੂੰ ਇਸ ਵਾਰ ਫਿਰ ਨਿਰਾਸ਼ਾ  ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਖਿਡਾਰੀਆਂ ਦੇ ਕਰੋਨਾ ਪਾਜ਼ਟਿਵ ਦੀ ਖਬਰ ਆ ਰਹੀ ਹੈ । ਵਾਨਖੇੜੇ ਸਟੇਡੀਅਮ ਵਿੱਚ ਹੋਣ ਵਾਲੇ ਆਈ. ਪੀ. ਐੱਲ ਮੈਚਾਂ ਉੱਪਰ ਵੀ ਖਤਰਾ ਮੰਡਰਾ ਰਿਹਾ ਹੈ । ਸੂਤਰਾਂ ਮੁਤਾਬਿਕ 14ਵੇਂ ਸੀਜ਼ਨ ਦੀ ਸ਼ੁਰੂਆਤ 9 ਅਪਰੈਲ ਤੋਂ ਹੋਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਵਾਨਖੇੜੇ ਸਟੇਡੀਅਮ ਵਿੱਚ ਕੰਮ ਕਰਨ ਵਾਲੇ ਕਈ ਕਰਮਚਾਰੀ ਕਰੋਨਾ ਪਾਜ਼ਟਿਵ ਪਾਏ ਗਏ ਹਨ, ਜਿਸ ਨੂੰ ਲੈਕੇ ਖਿਡਾਰੀਆਂ ਅਤੇ ਕਿ੍ਕਟ ਐਸੋਸੀਏਸ਼ਨ ਵਿੱਚ ਡਰ ਦਾ ਮਾਹੋਲ ਬਣਿਆ ਹੋਇਆ ਹੈ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਮੁੰਬਈ ਵਿੱਚ ਕਰੋਨਾ ਦੇ ਕੇਸ ਨਿਯੰਤਰਣ ਤੋਂ ਬਾਹਰ ਹੁੰਦੇ ਹਨ ਤਾਂ ਫਿਰ ਇੰਦੌਰ ਅਤੇ ਹੈਦਰਾਬਾਦ ਨੂੰ ਆਈ. ਪੀ. ਐੰਲ ਦੇ ਸਟੈਂਡ ਬਾਈ ਸਥਾਨ ਦੇ ਰੂਪ ਵਿੱਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕਰੋਨਾ ਦੀ ਮਹਾਮਾਰੀ ਨੇ ਖੇਡ ਜਗਤ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਦਿੱਤਾ ਜਦ ਸਾਬਕਾ ਟੇਬਲ ਟੈਨਿਸ ਖਿਡਾਰੀ ਸੁਹਾਸ ਕੁਲਕਰਣੀ ਦਾ ਕੋਵਿਡ ਦੇ ਕਾਰਨ ਦਿਹਾਂਤ ਹੋ ਗਿਆ। ਰਾਸ਼ਟਰੀ ਮਾਸਟਰਸ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਚੁੱਕੇ ਕੁਲਕਰਣੀ ਖਿਡਾਰੀ ਦੇ ਦੌਰ ਤੇ ਸੰਨਿਆਸ ਲੈਣ ਤੋਂ ਬਾਅਦ ਸਰਗਰਮ ਤੌਰ ਤੇ ਕੋਚਿੰਗ ਕਰ ਰਹੇ ਸਨ। ਇਹ ਖੇਡ ਜਗਤ ਲਈ ਇੱਕ ਦੁਖਦਾਈ ਘਟਨਾ ਹੈ।
ਕਰੋਨਾ ਦੀ ਸਚਾਈ ਹਾਲੇ ਤੱਕ ਇੱਕ ਰਹੱਸ ਬਣੀ ਹੋਈ ਹੈ। ਪਰ ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਸਮੇਂ ਦੀਆਂ ਸਰਕਾਰਾਂ ਕਰੋਨਾ ਦੀ ਸੱਚਾਈ ਨੂੰ ਛੁਪਾਉਂਦੀਆਂ ਹੋਈਆਂ ਇਸ ਨੂੰ ਇੱਕ ਰਾਜਨੀਤਕ ਸਾਜਿਸ਼ ਦੇ ਤੌਰ ਤੇ ਜਿਆਦਾ ਵਰਤ ਰਹੀਆਂ ਹਨ। ਸਿੱਖਿਆ ਅਤੇ ਦੇਸ਼ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰਾਂ ਨੂੰ ਇਸ ਮਸਲੇ ਉੱਪਰ ਸੰਜੀਦਗੀ ਅਤੇ ਸਮਝਦਾਰੀ ਨਾਲ ਸੋਚਣ ਦੀ ਜਰੂਰਤ ਹੈ।
ਹਰਕੀਰਤ ਕੌਰ
9779118066