ਕਰੋੜਾਂ ਰੁਪਏ ਦੀ ਹੈਰੋਇਨ ਲੈ ਕੇ ਆਏ ਪਾਕਿਸਤਾਨੀ ਸਮੱਗਲਰ ਨੂੰ ਉਤਾਰਿਆ ਮੌਤ ਦੇ ਘਾਟ

ਅੰਮ੍ਰਿਤਸਰ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅੰਮ੍ਰਿਤਸਰ ਵਿੱਚ ਕਰੋੜਾਂ ਰੁਪਏ ਦੀ ਹੈਰੋਇਨ ਲੈ ਕੇ ਭਾਰਤੀ ਸਰਹੱਦ ਟੱਪਣ ਵਾਲੇ ਇੱਕ ਪਾਕਿਸਤਾਨੀ ਸਮੱਗਰ ਨੂੰ ਭਾਰਤੀ ਜਵਾਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਕੋਲੋਂ ਅਣਚੱਲੇ ਕਾਰਤੂਸ ਤੇ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ। ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬੀ ਐਸ ਐਫ ਸਾਂਝੇ ਆਪਰੇਸ਼ਨ ਦੌਰਾਨ ਇਹ ਸਫ਼ਲਤਾ ਹਾਸਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਧਰੁਵ ਦਹੀਆ (ਆਈ ਪੀ ਐਸ) ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਪਾਕਿਸਤਾਨੀ ਸਮੱਗਲਰਾਂ ਵਲੋਂ ਭੌਫ ਕੱਕੜ ਥਾਣਾ ਲੋਪੋਕੇ ਦੇ ਨਜ਼ਦੀਕ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤੀ ਸਮੱਗਲਰਾਂ ਨੂੰ ਸਪਲਾਈ ਕਰਨੀ ਹੈ। ਇਸ ’ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਿੰਦਰਪਾਲ ਸਿੰਘ ਡੀ.ਐਸ.ਪੀ ਡੀ ਅਤੇ ਅਭੀਮੰਨਿਉ ਰਾਣਾ ਏ.ਐਸ.ਪੀ ਮਜੀਠਾ ਦੀ ਇੱਕ ਟੀਮ ਬਣਾਈ ਅਤੇ ਖੁਦ ਟੀਮ ਦੀ ਅਗਵਾਈ ਕਰਦਿਆਂ ਬੀ ਐਸ ਐਫ ਨਾਲ ਮਿਲ ਕੇ ਸਾਂਝਾ ਆਪ੍ਰੇਸ਼ਨ ਚਲਾਇਆ। ਜਿਸ ਵਿੱਚ ਇੱਕ ਪਾਕਿਸਤਾਨੀ ਸਮੱਗਲਰ ਮਾਰਿਆ ਗਿਆ। ਜਿਸ ਕੋਲੋਂ 22 ਪੈਕੇਟ ਹੈਰੋਇਨ, 2 ਏ ਕੇ 47, ਚਾਰ ਮੈਗਜ਼ੀਨ, 45 ਜਿੰਦਾ ਕਾਰਤੂਸ, ਇੱਕ ਮੋਬਾਇਲ, ਇੱਕ ਪਲਾਸਟਿਕ ਪਾਈਪ ਅਤੇ 210 ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਜਿਸ ’ਤੇ ਉਕਤ ਵਿਅਕਤੀ ਖਿਲਾਫ਼ ਕਾਰਵਾਈ ਕਰਦਿਆਂ ਥਾਣਾ ਲੋਪੋਕੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸ ਐਸ ਪੀ ਸ਼੍ਰੀ ਧਰੁਵ ਦਹੀਆ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਭਾਰਤ ਵਿੱਚ ਇਹ ਖੇਪ ਕਿੱਥੇ ਅਤੇ ਕਿਸ ਨੂੰ ਸਪਲਾਈ ਹੋਣੀ ਸੀ ਇਹ ਪਤਾ ਲਗਾਇਆ ਜਾ ਰਿਹਾ ਹੈ ਅਤੇ ਜਲਦ ਹੀ ਇਸ ਮਾਮਲੇ ਨਾਲ ਸਬੰਧਤ ਅਤੇ ਇਸ ਨਾਲ ਸ਼ਾਮਲ ਕਥਿਤ ਦੋਸ਼ੀਆਂ ਦੇ ਨਾਮ ਦਾ ਖੁਲਾਸਾ ਕੀਤਾ ਜਾਵੇਗਾ।

Video Ad
Video Ad