ਕਾਂਗਰਸੀ ਸਰਪੰਚ ਦੇ ਪਤੀ ਨੂੰ ਭਤੀਜੇ ਨੇ ਮਾਰੀ ਗੋਲੀ

ਭੁਲੱਥ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕਪੂਰਥਲਾ ਜ਼ਿਲ੍ਹੇ ਦੇ ਹਲਕਾ ਭੁਲੱਥ ਅਧੀਨ ਪੈਂਦੇ ਪਿੰਡ ਤਲਵੰਡੀ ਪੁਰਦਲ ਵਿੱਚ ਕਾਂਗਰਸ ਦੀ ਸਰਪੰਚ ਦੇ ਪਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਉਸ ਦੇ ਹੀ ਭਤੀਜੇ ਨੇ ਚੋਣਾਂ ਦੀ ਰੰਜਿਸ਼ ਦੇ ਚਲਦਿਆਂ ਗੋਲੀ ਮਾਰ ਦਿੱਤੀ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਥਾਣਾ ਭੁਲੱਥ ਪੁਲਿਸ ਟੀਮ ਅਤੇ ਡੀਐਸਪੀ ਸੰਦੀਪ ਸਿੰਘ ਮੰਡ ਨੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਥਾਣਾ ਭੁਲੱਥ ਦੀ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਬੁੁੱਧਵਾਰ ਰਾਤ ਨੂੰ ਜਿਸ ਸਮੇਂ ਇਨ੍ਹਾਂ ਲੋਕਾਂ ਦਾ ਝਗੜਾ ਹੋਇਆ ਸੀ, ਉਸ ਸਮੇਂ ਰਣਦੀਪ ਸਿੰਘ ਤੋਂ ਇਲਾਵਾ ਉਸ ਦਾ ਰਿਸ਼ਤੇਦਾਰ ਸੁਖਪਾਲ ਸਿੰਘ ਵੀ ਜ਼ਖਮੀ ਹੋਇਆ ਸੀ। ਪੁਲਿਸ ਨੇ ਸੁਖਪਾਲ ਸਿੰਘ ਦੇ ਬਿਆਨ ’ਤੇ ਛੇ ਲੋਕਾਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਹਥਿਆਰ ਵੀ ਬਰਾਮਦ ਹੋਇਆ। ਡੀਐਸਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਪਿੰਡ ਤਲਵੰਡੀ ਪੁਰਦਲ ਦੀ ਮੌਜੂਦਾ ਕਾਂਗਰਸ ਸਰਪੰਚ ਇੰਦਰਜੀਤ ਕੌਰ ਦੇ ਪਤੀ ਰਣਦੀਪ ਸਿੰਘ (32 ਸਾਲ) ਦਾ ਮਨਜੋਤ ਸਿੰਘ ਨੇ ਦੇਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ। ਥਾਣਾ ਭੁਲੱਥ ਦੀ ਐਸਐਚਓ ਅਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਰਣਦੀਪ ਸਿੰਘ ਅਤੇ ਮੁਲਜ਼ਮ ਮਨਜੋਤ ਸਿੰਘ ਆਪਸ ਵਿੱਚ ਚਾਚਾ-ਭਤੀਜਾ ਹਨ।
ਡੀਐਸਪੀ ਮੰਡ ਨੇ ਦੱਸਿਆ ਕਿ ਇਹ ਪਰਿਵਾਰ ਕਾਫ਼ੀ ਲੰਬੇ ਸਮੇਂ ਤੋਂ ਪਿੰਡ ਦੀ ਸਰਪੰਚੀ ਕਰਦਾ ਆ ਰਿਹਾ ਹੈ। ਉੱਥੇ ਮੁਲਜ਼ਮ ਮਨਜੋਤ ਸਿੰਘ ਦਾ ਪਿਤਾ ਵੀ ਸਾਬਕਾ ਸਰਪੰਚ ਹੈ। ਚੋਣਾਂ ਦੀ ਰੰਜਿਸ਼ ਦੇ ਚਲਦਿਆਂ ਦੀ ਇਹ ਝਗੜਾ ਹੋਇਆ, ਜਿਸ ਵਿੱਚ ਰਣਦੀਪ ਸਿੰਘ ਦੀ ਜਾਨ ਚਲੀ ਗਈ। ਡੀਐਸਪੀ ਮੰਡ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Video Ad
Video Ad