Home ਨਜ਼ਰੀਆ ਕਾਂਗਰਸ ਦਾ ਮਤਲਬ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਦੀ ਗਾਰੰਟੀ ਹੈ : ਪੀਐਮ ਮੋਦੀ

ਕਾਂਗਰਸ ਦਾ ਮਤਲਬ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਦੀ ਗਾਰੰਟੀ ਹੈ : ਪੀਐਮ ਮੋਦੀ

0
ਕਾਂਗਰਸ ਦਾ ਮਤਲਬ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਦੀ ਗਾਰੰਟੀ ਹੈ : ਪੀਐਮ ਮੋਦੀ

ਦਿਸਪੁਰ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਅਸਾਮ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਬੋਕਾਖਾਟ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਅਸਾਮ ‘ਚ 27 ਮਾਰਚ ਤੋਂ ਤਿੰਨ ਗੇੜ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਨਤੀਜੇ 2 ਮਈ ਨੂੰ ਆਉਣਗੇ। ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅਸਾਮ ‘ਚ ਇਕ ਵਾਰ ਫਿਰ ਐਨਡੀਏ ਦੀ ਸਰਕਾਰ ਬਣੇਗੀ। ਐਨਡੀਏ ਸਰਕਾਰ ਨੇ ਅਸਾਮ ‘ਚ ਨਵੇਂ ਪਹਿਲੂ ਸਥਾਪਤ ਕੀਤੇ ਹਨ।
ਆਪਣੇ ਭਾਸ਼ਣ ‘ਚ ਪੀਐਮ ਮੋਦੀ ਨੇ ਕਿਹਾ, “ਇਹ ਤੈਅ ਹੋ ਗਿਆ ਹੈ ਕਿ ਅਸਾਮ ‘ਚ ਦੂਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਐਨਡੀਏ ਦੀ ਸਰਕਾਰ ਦੂਜੀ ਵਾਰ ਆਸਾਮ ‘ਚ ਆਵੇਗੀ। ਆਸਾਮ ‘ਚ ਦੂਜੀ ਵਾਰ ਡਬਲ ਇੰਜਨ ਦੀ ਸਰਕਾਰ ਬਣੇਗੀ। ਕੋਰੋਨਾ ਕਾਲ ਦੌਰਾਨ ਔਰਤਾਂ ਦੇ ਖਾਤਿਆਂ ‘ਚ ਪੈਸੇ ਪਹੁੰਚਾਉਣ ਦਾ ਕੰਮ ਕੀਤਾ ਗਿਆ। ਰਿਫ਼ਾਇਨਰੀ ਦਾ ਉਤਪਾਦਨ ਵੀ ਵਧਾਇਆ ਗਿਆ। ਐਨਡੀਏ ਸਰਕਾਰ ਨੇ ਅਸਾਮ ‘ਚ ਸ਼ਾਂਤੀ ਸਥਾਪਤ ਕੀਤੀ ਹੈ। ਪਾਈਪਲਾਈਨ ਰਾਹੀਂ ਘਰਾਂ ਤਕ ਗੈਸ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਰਾਜ ‘ਚ ਅਸਾਮ ਦੇ ਲੋਕਾਂ ਅੱਗੇ ਸਵਾਲ ਸੀ ਕਿ ਅਸਾਮ ਨੂੰ ਲੁੱਟਣ ਤੋਂ ਕਿਵੇਂ ਬਚਾਇਆ ਜਾਏ? ਅੱਜ ਅਸਾਮ ਐਨਡੀਏ ਦੇ ਕਾਰਜਕਾਲ ‘ਚ ਪੂਰੀ ਸਮਰੱਥਾ ਨਾਲ ਨਵੀਂਆਂ ਉਚਾਈਆਂ ਨੂੰ ਛੂਹਣ ਲਈ ਅੱਗੇ ਵੱਧ ਰਿਹਾ ਹੈ। ਕਾਂਗਰਸ ਰਾਜ ‘ਚ ਸਵਾਲ ਇਹ ਸੀ ਕਿ ਬ੍ਰਹਮਪੁੱਤਰ ਦੇ ਦੋਵਾਂ ਕੰਡਿਆਂ ‘ਚ ਸੰਪਰਕ ਕਿਵੇਂ ਵਧਾਇਆ ਜਾਵੇ? ਐਨਡੀਏ ਦੇ ਕਾਰਜਕਾਲ ‘ਚ ਬ੍ਰਹਮਪੁੱਤਰ ਉੱਤੇ ਆਧੁਨਿਕ ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।”
ਪੀਐਮ ਮੋਦੀ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਅਸਾਮ ‘ਚ ਜੰਗਲੀ ਖੇਤਰ 5 ਸਾਲਾਂ ‘ਚ ਵਧਿਆ ਹੈ। ਸਰਕਾਰ ਨੇ ਸ਼ਿਕਾਰੀਆਂ ਨੂੰ ਜੇਲ ‘ਚ ਬੰਦ ਕਰ ਦਿੱਤਾ ਹੈ। ਅਸੀਂ ਆਸਾਮ ਦੇ ਲੋਕਾਂ ਲਈ ਜਾਨਵਰਾਂ ਦੀ ਸੁਰੱਖਿਆ ਅਤੇ ਸਹੂਲਤਾਂ ਲਈ ਕੰਮ ਕਰ ਰਹੇ ਹਾਂ।”
ਕਾਂਗਰਸ ‘ਤੇ ਹਮਲਾ ਬੋਲਦਿਆਂ ਪੀਐਮ ਮੋਦੀ ਨੇ ਕਿਹਾ, “ਜਦੋਂ ਕੇਂਦਰ ਅਤੇ ਅਸਾਮ ‘ਚ ਕਾਂਗਰਸ ਸੱਤਾ ‘ਚ ਸੀ, ਉਦੋਂ ਦੋਹਰੀ ਲਾਪਰਵਾਹੀ ਅਤੇ ਦੋਹਰਾ ਭ੍ਰਿਸ਼ਟਾਚਾਰ ਹੋਇਆ ਸੀ। ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਕਾਂਗਰਸ ਦਾ ਮਤਲਬ ਭ੍ਰਿਸ਼ਟਾਚਾਰ ਤੇ ਘੁਟਾਲਾਬਾਜ਼ੀ ਹੈ। ਉਨ੍ਹਾਂ ਕੋਲ ਕੋਈ ਚੰਗਾ ਕੰਮ ਕਰਨ ਦਾ ਕੋਈ ਉਦੇਸ਼ ਜਾਂ ਇਰਾਦਾ ਨਹੀਂ ਹੈ।”
ਅਸਾਮ ‘ਚ ਪੀਐਮ ਮੋਦੀ ਨੇ ਕਿਹਾ ਕਿ 50 ਸਾਲ ਤੋਂ ਵੱਧ ਸਮੇਂ ਤੋਂ ਅਸਾਮ ਉੱਤੇ ਰਾਜ ਕਰਨ ਵਾਲੇ ਲੋਕ ਹੁਣ ਆਸਾਮ ਨੂੰ ਪੰਜ ਗਾਰੰਟੀ ਦੇ ਰਹੇ ਹਨ। ਅਸਾਮ ਦੇ ਲੋਕ ਉਨ੍ਹਾਂ ਦੀਆਂ ਚਲਾਕੀਆਂ ਤੋਂ ਜਾਣੂ ਹਨ। ਇਹ ਲੋਕ ਝੂਠੇ ਵਾਅਦੇ ਕਰਨ ਅਤੇ ਝੂਠੇ ਐਲਾਨ ਕਰਨ ਦੇ ਆਦੀ ਹੋ ਗਏ ਹਨ।