ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਮੈਨੀਫ਼ੈਸਟੋ ਜਾਰੀ ਕੀਤਾ

ਕੋਲਕਾਤਾ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਸੋਮਵਾਰ ਨੂੰ ਆਪਣਾ ਮੈਨੀਫ਼ੈਸਟੋ ਜਾਰੀ ਕੀਤਾ। ਪਾਰਟੀ ਨੇ ਆਪਣਾ ਮੈਨੀਫ਼ੈਸਟੋ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਦੀ ਮੌਜੂਦਗੀ ‘ਚ ਜਾਰੀ ਕੀਤਾ। ਕਾਂਗਰਸ ਦਾ ਚੋਣ ਮੈਨੀਫ਼ੈਸਟੋ ਭਾਜਪਾ ਦੇ ਚੋਣ ਮੈਨੀਫ਼ੈਸਟੋ ਤੋਂ ਇਕ ਦਿਨ ਬਾਅਦ ਆਇਆ ਹੈ। ਬੰਗਾਲ ‘ਚ 27 ਮਾਰਚ ਤੋਂ ਚੋਣਾਂ ਸ਼ੁਰੂ ਹੋ ਰਹੀਆਂ ਹਨ।
ਕਾਂਗਰਸ ਨੇ ਆਪਣੇ ਮੈਨੀਫ਼ੈਸਟੋ ‘ਚ ਜਿਹੜੇ ਮੁੱਖ ਵਾਅਦੇ ਕੀਤੇ ਹਨ, ਉਨ੍ਹਾਂ ‘ਚ ਕਾਨੂੰਨ ਦਾ ਸਾਸ਼ਨ ਸਥਾਪਤ ਕਰਨਾ, ਸਿੱਖਿਆ ਦੇ ਖੇਤਰ ‘ਚ ਵਿਕਾਸ, ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ ‘ਚ ਸੁਧਾਰ, ਉਦਯੋਗ ਦੀ ਸਥਾਪਨਾ ਤੇ ਸੱਭਿਆਚਾਰ ਦੀ ਰੱਖਿਆ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ।
ਦੱਸ ਦੇਈਏ ਕਿ ਬੰਗਾਲ ਵਿਚ ਕਾਂਗਰਸ ਖੱਬੇਪੱਖੀ ਮੋਰਚਾ ਅਤੇ ਆਈਐਸਐਫ ਨਾਲ ਗੱਠਜੋੜ ‘ਚ ਚੋਣ ਲੜ ਰਹੀ ਹੈ। ਸੀਟਾਂ ਦੀ ਵੰਡ ਦੇ ਤਹਿਤ ਕਾਂਗਰਸ ਨੂੰ 92 ਸੀਟਾਂ ਮਿਲੀਆਂ ਹਨ। ਬਾਕੀ ਸੀਟਾਂ ਖੱਬੇ ਮੋਰਚੇ ਅਤੇ ਆਈਐਸਐਫ ਨੂੰ ਦਿੱਤੀਆਂ ਗਈਆਂ ਹਨ। ਸੂਬੇ ‘ਚ ਕੁੱਲ 294 ਵਿਧਾਨ ਸਭਾ ਸੀਟਾਂ ਹਨ।
ਕਾਂਗਰਸ ਦਾ ਚੋਣ ਮੈਨੀਫ਼ੈਸਟੋ ਜਾਰੀ ਕਰਨ ਸਮੇਂ ਕਿਸੇ ਵੱਡੇ ਆਗੂ ਦਾ ਹਾਜ਼ਰ ਨਾ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਤ੍ਰਿਣਮੂਲ ਕਾਂਗਰਸ ਦਾ ਮੈਨੀਫ਼ੈਸਟੋ ਮਮਤਾ ਬੈਨਰਜੀ ਨੇ ਜਾਰੀ ਕੀਤਾ ਸੀ, ਜਦਕਿ ਭਾਜਪਾ ਦਾ ਮੈਨੀਫ਼ੈਸਟੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਰੀ ਕੀਤਾ। ਪਰ ਕਾਂਗਰਸ ਦਾ ਚੋਣ ਮੈਨੀਫ਼ੈਸਟੋ ਜਾਰੀ ਕਰਨ ਲਈ ਕੋਈ ਵੱਡਾ ਆਗੂ ਮੌਜੂਦ ਨਹੀਂ ਸੀ।

Video Ad

ਬੰਗਾਲ ‘ਚ 8 ਗੇੜ ‘ਚ ਚੋਣਾਂ ਹੋਣਗੀਆਂ
ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਕੁੱਲ 294 ਸੀਟਾਂ ਲਈ 8 ਗੇੜ ‘ਚ ਚੋਣਾਂ ਹੋਣਗੀਆਂ ਹਨ। ਵੋਟਿੰਗ ਦਾ ਪਹਿਲਾ ਗੇੜ 27 ਮਾਰਚ ਨੂੰ ਹੋਵੇਗਾ, ਜਿੱਥੇ 30 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। 1 ਅਪ੍ਰੈਲ ਨੂੰ ਦੂਜੇ ਗੇੜ ਤਹਿਤ 30 ਸੀਟਾਂ ‘ਤੇ ਵੋਟਿੰਗ ਹੋਵੇਗੀ। ਵੋਟਿੰਗ ਦਾ ਤੀਜਾ ਗੇੜ 6 ਅਪ੍ਰੈਲ ਨੂੰ ਹੋਵੇਗਾ, ਜਿਸ ਤਹਿਤ ਵਿਧਾਨ ਸਭਾ ਦੀਆਂ 31 ਸੀਟਾਂ ‘ਤੇ ਵੋਟਿੰਗ ਹੋਵੇਗੀ। 10 ਅਪ੍ਰੈਲ ਨੂੰ ਚੌਥੇ ਗੇੜ ਤਹਿਤ 44 ਸੀਟਾਂ ‘ਤੇ ਵੋਟਾਂ ਪੈਣਗੀਆਂ। ਪੰਜਵੇਂ ਗੇੜ ‘ਚ 17 ਅਪ੍ਰੈਲ ਨੂੰ 45 ਸੀਟਾਂ ‘ਤੇ ਵੋਟਿੰਗ ਹੋਵੇਗੀ। 6ਵੇਂ ਗੇੜ ਲਈ 22 ਅਪ੍ਰੈਲ ਨੂੰ 43 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। 7ਵੇਂ ਗੇੜ ਤਹਿਤ 36 ਸੀਟਾਂ ਲਈ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਆਖਰੀ ਤੇ 8ਵੇਂ ਗੇੜ ‘ਚ 35 ਸੀਟਾਂ ‘ਤੇ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ।

Video Ad