ਕਾਦਰ ਖਾਨ ਦੇ ਸਭ ਤੋਂ ਵੱਡੇ ਬੇਟੇ ਅਬਦੁਲ ਦਾ ਕੈਨੇਡਾ ’ਚ ਦੇਹਾਂਤ

ਟੋਰਾਂਟੋ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਦੇ ਦਿੱਗਜ ਅਦਾਕਾਰ ਮਰਹੂਮ ਕਾਦਰ ਖਾਨ ਦੇ ਸਭ ਤੋਂ ਵੱਡੇ ਬੇਟੇ ਅਬਦੁਲ ਕੁੱਦੁਸ ਦਾ ਕੈਨੇਡਾ ਵਿੱਚ ਦੇਹਾਂਤ ਹੋ ਗਿਆ। ਅਬਦੁਲ ਕੈਨੇਡਾ ਦੇ ਏਅਰਪੋਰਟ ’ਤੇ ਸਿਕਿਉਰਿਟੀ ਅਫਸਰ ਦੇ ਤੌਰ ’ਤੇ ਕੰਮ ਕਰਦੇ ਸਨ।
ਕਾਦਰ ਖਾਨ ਨੇ ਵੀ 81 ਸਾਲ ਦੀ ਉਮਰ ਵਿੱਚ ਕੈਨੇਡਾ ’ਚ ਹੀ ਆਖਰੀ ਸਾਹ ਲਏ ਸਨ। ਉਨ੍ਹਾਂ ਦੀ ਮੌਤ 21 ਦਸੰਬਰ 2018 ਨੂੰ ਹੋਈ ਸੀ। ਬਾਲੀਵੁਡ ਵਿੱਚ 300 ਤੋਂ ਵੱਧ ਫਿਲਮਾਂ ਵਿੱਚ ਅਦਾਕਾਰੀ ਤੋਂ ਲੈ ਕੇ ਡਾਇਲੌਗ ਲਿਖਣ ਤੱਕ ਦਾ ਕੰਮ ਕਰਨ ਵਾਲੇ ਕਾਦਰ ਖਾਨ ਨੇ ਅਜਰਾ ਖਾਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਤਿੰਨ ਬੇਟੇ ਹਨ, ਜਿਨ੍ਹਾਂ ਵਿੱਚੋਂ ਅਬਦੁਲ ਕੁੁੱਦੁਸ ਸਭ ਤੋਂ ਵੱਡੇ ਸਨ। ਇਨ੍ਹਾਂ ਤੋਂ ਇਲਾਵਾ ਦੋ ਬੇਟੇ ਸਰਫਰਾਜ ਅਤੇ ਸ਼ਹਿਨਵਾਜ਼ ਖਾਨ ਹਨ। ਇਹ ਦੋਵੇਂ ਫਿਲਮਾਂ ਦੀ ਦੁਨੀਆ ਵਿੱਚ ਸਰਗਰਮ ਹਨ। ਸਰਫਰਾਜ ਖਾਨ ਅਦਾਕਾਰ ਹੋਣ ਦੇ ਨਾਲ-ਨਾਲ ਪ੍ਰੋਡਿਊਸਰ ਵੀ ਹਨ। ਸਰਫਰਾਜ ਨੇ 2003 ਵਿੱਚ ਸਲਮਾਨ ਖਾਨ ਦੀ ਫਿਲਮ ‘ਤੇਰੇ ਨਾਮ’ ਵਿੱਚ ਵੀ ਕੰਮ ਕੀਤਾ ਸੀ। ਉਹ ਉਸ ਵਿੱਚ ਸਲਮਾਨ ਖਾਨ ਦੇ ਜਿਗਰੀ ਦੋਸਤ ਅਸਲਮ ਦੇ ਕਿਰਦਾਰ ਵਿੱਚ ਸਨ। ਜਦਕਿ 2009 ਵਿੱਚ ਆਈ ‘ਵਾਂਟੇਡ’ ਫਿਲਮ ਵਿੱਚ ਵੀ ਉਨ੍ਹਾਂ ਨੇ ਸਲਮਾਨ ਦੇ ਦੋਸਤ ਦੀ ਭੂਮਿਕਾ ਨਿਭਾਈ ਸੀ।

Video Ad

ਸਰਫਰਾਜ ਅਤੇ ਸ਼ਹਿਨਵਾਜ ਖਾਨ ਨੇ 2012 ਵਿੱਚ ਆਪਣੇ ਪਿਤਾ ਕਾਦਰ ਖਾਨ ਨਾਲ ਮਿਲ ਕੇ ‘ਕਲ ਕੇ ਕਲਾਕਾਰ ਇੰਟਰਨੈਸ਼ਨਲ ਥਿਏਟਰ’ ਦੀ ਸ਼ੁਰੂਆਤ ਕੀਤੀ ਸੀ। ਇੱਕ ਇੰਟਰਵਿਊ ਵਿੱਚ ਸਰਫਰਾਜ ਨੇ ਦੱਸਿਆ ਸੀ ਕਿ ਕਾਦਰ ਖਾਨ ਇਸ ਗੱਲ ਨੂੰ ਲੈ ਕੇ ਬਹੁਤ ਸਖ਼ਤ ਸਨ ਕਿ ਉਹ ਆਪਣੇ ਪੁੱਤਰਾਂ ਨੂੰ ਫਿਲਮੀ ਦੁਨੀਆ ਵਿੱਚ ਲਿਜਾਣ ਲਈ ਕੋਈ ਸਿਫਾਰਸ਼ ਨਹੀਂ ਕਰਨਗੇ। ਅਜਿਹੇ ਵਿੱਚ ਉਨ੍ਹਾਂ ਨੂੰ ਪਹਿਲਾਂ ਖੁਦ ਵਿੱਚ ਸੁਧਾਰ ਕਰਦੇ ਹੋਏ ਆਪਣਾ ਰਾਹ ਖੁਦ ਬਣਾਉਣਾ ਹੋਵੇਗਾ। ਇਨ੍ਹਾਂ ਕਦਮਾਂ ’ਤੇ ਚਲਦਿਆਂ ਸਰਫਰਾਜ ਨੇ ਆਪਣੇ ਦਮ ’ਤੇ ਆਪਣੀ ਅਲੱਗ ਪਛਾਣ ਬਣਾ ਲਈ ਹੈ।
ਦੱਸ ਦੇਈਏ ਕਿ ਕਾਦਰ ਖਾਨ ਦਾ ਪਰਿਵਾਰ ਕੈਨੇਡਾ ਵਿੱਚ ਹੀ ਰਹਿੰਦਾ ਹੈ। ਅਦਬੁਲ ਕੁੱਦੁਸ ਦੇ ਨਾਲ ਕਾਦਰ ਖਾਨ ਦੇ ਸਭ ਤੋਂ ਛੋਟੇ ਬੇਟੇ ਸ਼ਹਿਨਵਾਜ਼ ਨੇ ਵੀ ਕਈ ਸਾਲ ਕੈਨੇਡਾ ਵਿੱਚ ਬਿਤਾਏ ਹਨ। ਉਨ੍ਹਾਂ ਨੇ ਉੱਥੋਂ ਹੀ ਡਾਇਰੈਕਸ਼ਨ, ਐਡੀਟਿੰਗ ਅਤੇ ਗ੍ਰਾਫਿਕ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ ਹੈ।

Video Ad