ਕਾਮੇਡੀਅਨ ਰਾਜੂ ਸ੍ਰੀਵਾਸਤਵ ਨਹੀਂ ਰਹੇ, ਦਿੱਲੀ ਦੇ ਏਮਸ ਹਸਪਤਾਲ ਵਿਚ ਲਏ ਆਖਰੀ ਸਾਹ

42 ਦਿਨਾਂ ਤੋਂ ਹਸਪਤਾਲ ਵਿਚ ਸਨ ਦਾਖ਼ਲ
ਨਵੀਂ ਦਿੱਲੀ, 21 ਸਤੰਬਰ , ਹ.ਬ. : ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਦਿੱਲੀ ਦੇ ਏਮਸ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਵਾਰ ਨੇ ਇਸ ਬਾਰੇ ਦੱਸਿਆ। ਦੱਸ ਦੇਈਏ ਕਿ 10 ਅਗਸਤ ਨੂੰ ਜਿੰਮ ਵਿਚ ਕਸਰਤ ਕਰਦੇ ਹੋਏ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ। ਇਸ ਤੋਂ ਬਾਅਦ ਉਨ੍ਹਾ ਏਮਸ ਦਿੱਲੀ ਵਿਚ ਭਰਤੀ ਕੀਤਾ ਗਿਆ ਸੀ। ਉਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਹਾਲਤ ਵਿਚ ਸੁਧਾਰ ਨ ਹੋਣ ’ਤੇ ਉਨ੍ਹਾਂ ਲਾਈਫ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਸੀ। ਇਸ ਵਿਚਾਲੇ ਉਨ੍ਹਾਂ ਦੇ ਪਰਵਾਰ ਅਤੇ ਨਾਲ ਕੰਮ ਕਰਨ ਵਾਲਿਆਂ ਵਲੋਂ ਲਗਾਤਾਰ ਅਪਡੇਟਸ ਮਿਲ ਰਹੇ ਸੀ। ਇਲਾਜ ਦੌਰਾਨ ਉਨ੍ਹਾਂ ਦੀ ਤਬੀਅਤ ਵਿਚ ਸੁਧਾਰ ਦੀ ਖ਼ਬਰ ਵੀ ਆਈ ਸੀ ਲੇਕਿਨ ਹੁਣ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਵੱਡਾ ਸਦਮਾ ਦੇ ਦਿੱਤਾ।
ਦੱਸ ਦੇਈਏ ਕਿ ਰਾਜੂ, ਦਿੱਲੀ ਦੇ ਇੱਕ ਹੋਟਲ ਵਿੱਚ ਠਹਿਰਿਆ ਸੀ ਅਤੇ ਉਥੇ ਜਿਮ ਵਿੱਚ ਵਰਕਆਊਟ ਕਰ ਰਿਹਾ ਸੀ। ਵਰਕਆਊਟ ਦੌਰਾਨ ਰਾਜੂ ਦੀ ਤਬੀਅਤ ਵਿਗੜ ਗਈ ਸੀ ਅਤੇ ਉਹ ਟ੍ਰੈਡਮਿਲ ’ਤੇ ਡਿੱਗ ਗਿਆ ਸੀ। ਰਾਜੂ ਨੂੰ ਤੁਰੰਤ ਏਮਜ਼ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਕਾਰਡੀਓਲਾਜੀ ਵਿਭਾਗ ਵਿਚ ਇਲਾਜ ਚੱਲ ਰਿਹਾ ਸੀ। ਰਾਜੂ ਦੇ ਕਰੀਬੀ ਦੋਸਤਾਂ ਨੇ ਦੱਸਿਆ ਸੀ ਕਿ ਉਸ ਦੇ ਦਿਮਾਗੀ ਸੱਟ ਲੱਗੀ ਸੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਡਿੱਗਣ ਕਾਰਨ ਦਿਮਾਗ ਤੱਕ ਕਾਫੀ ਸਮੇਂ ਤੱਕ ਆਕਸੀਜਨ ਨਹੀਂ ਪਹੁੰਚ ਸਕੀ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਹੋਸ਼ ’ਚ ਆਉਣ ’ਚ ਸਮਾਂ ਲੱਗ ਸਕਦਾ ਹੈ। ਇਲਾਜ ਦੌਰਾਨ ਉਨ੍ਹਾਂ ਦੇ ਸਰੀਰ ’ਚ ਕੁਝ ਹਿਲਜੁਲ ਹੋਣ ਦੀਆਂ ਖਬਰਾਂ ਵੀ ਆਈਆਂ ਸਨ। ਰਾਜੂ ਸ੍ਰੀਵਾਸਤ 25 ਦਸੰਬਰ 1963 ਨੁੂੰ ਕਾਨਪੁਰ ਵਿਚ ਜਨਮੇ ਸੀ। ਇਨ੍ਹਾਂ ਦੇ ਪਿਤਾ ਰਮੇਸ਼ ਚੰਦਰ ਮਸ਼ਹੂਰ ਕਵੀ ਸੀ। ਤੁਹਾਨੂੰ ਦੱਸ ਦੇਈਏ ਕਿ ਰਾਜੂ ਨੇ ਕਈ ਮਸ਼ਹੂਰ ਸ਼ੋਅਜ਼ ’ਚ ਕੰਮ ਕੀਤਾ ਸੀ। ਉਹ ਦੇਸ਼ ਦਾ ਪ੍ਰਸਿੱਧ ਕਾਮੇਡੀਅਨ ਸੀ। ਉਸ ਨੇ ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ, ਬਿੱਗ ਬੌਸ, ਸ਼ਕਤੀਮਾਨ, ਕਾਮੇਡੀ ਸਰਕਸ, ਦਿ ਕਪਿਲ ਸ਼ਰਮਾ ਸ਼ੋਅ ਵਰਗੇ ਸ਼ੋਅ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮੈਂ ਪਿਆਰ ਕੀਆ, ਤੇਜ਼ਾਬ, ਬਾਜ਼ੀਗਰ ਵਰਗੀਆਂ ਬਾਲੀਵੁੱਡ ਫਿਲਮਾਂ ’ਚ ਕੰਮ ਕੀਤਾ ਸੀ। ਹਾਲ ਹੀ ’ਚ ਉਹ ਇੰਡੀਅਨ ਲਾਫਟਰ ਚੈਂਪੀਅਨ ’ਚ ਖਾਸ ਮਹਿਮਾਨ ਦੇ ਰੂਪ ’ਚ ਨਜ਼ਰ ਆਏ ਸਨ।
ਇਕ ਇੰਟਰਵਿਊ ’ਚ ਰਾਜੂ ਨੇ ਕਾਮੇਡੀ ਸ਼ੋਅ ਬਾਰੇ ਕਿਹਾ ਸੀ, ‘ਜਦੋਂ ਮੈਂ ਮੁੰਬਈ ਆਇਆ ਤਾਂ ਲੋਕ ਕਾਮੇਡੀਅਨ ਨੂੰ ਜ਼ਿਆਦਾ ਨਹੀਂ ਸਮਝਦੇ ਸਨ। ਉਸ ਸਮੇਂ ਚੁਟਕਲੇ ਜੌਨੀ ਵਾਕਰ ਨਾਲ ਸ਼ੁਰੂ ਹੁੰਦੇ ਹਨ ਅਤੇ ਜੌਨੀ ਵਾਕਰ ਨਾਲ ਖਤਮ ਹੁੰਦੇ ਹਨ। ਉਸ ਸਮੇਂ ਸਟੈਂਡ-ਅੱਪ ਕਾਮੇਡੀ ਲਈ ਕੋਈ ਥਾਂ ਨਹੀਂ ਸੀ, ਇਸ ਲਈ ਮੈਨੂੰ ਉਹ ਜਗ੍ਹਾ ਨਹੀਂ ਮਿਲ ਰਹੀ ਸੀ ਜੋ ਮੈਂ ਚਾਹੁੰਦਾ ਸੀ। ਜਦੋਂ ਰਾਜੂ ਮੁੰਬਈ ਵਿੱਚ ਸੰਘਰਸ਼ ਕਰ ਰਿਹਾ ਸੀ ਤਾਂ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਆਟੋ ਚਲਾਉਂਦਾ ਸੀ। ਇੰਨਾ ਹੀ ਨਹੀਂ ਰਾਜੂ ਨੂੰ ਇਕ ਯਾਤਰੀ ਕਾਰਨ ਵੱਡਾ ਮੌਕਾ ਮਿਲਿਆ ਸੀ।

Video Ad
Video Ad