ਡਿਬਰੂਗੜ੍ਹ, 5 ਮਈ, ਹ.ਬ. : ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਨਾਲ ਪਤਨੀ ਕਿਰਨਦੀਪ ਕੌਰ ਨੇ ਮੁਲਾਕਾਤ ਕੀਤੀ। ਆਪਣੇ ਪਤੀ ਨੂੰ ਮਿਲਣ ਪਹੁੰਚੀ ਕਿਰਨਦੀਪ ਕੌਰ ਨੇ ਕੱਪੜੇ ਨਾਲ ਮੂੰਹ ਢੱਕਿਆ ਹੋਇਆ ਸੀ ਅਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਇਸ ਦੇ ਨਾਲ ਹੀ ਕਿਰਨਦੀਪ ਦੇ ਹੱਥ ’ਚ ਲਾਲ ਚੂੜਾ ਨਜ਼ਰ ਆ ਰਿਹਾ ਸੀ। ਆਪਣੇ ਪਤੀ ਨੂੰ ਮਿਲਣ ਲਈ ਆਸਾਮ ਦੀ ਜੇਲ੍ਹ ਪਹੁੰਚੀ ਕਿਰਨਦੀਪ ਕੌਰ ਨੇ ਇਸ ਦੌਰਾਨ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨਾਲ ਕਿਰਨਦੀਪ ਕੌਰ ਦੀ ਮੁਲਾਕਾਤ ਕਰੀਬ ਇੱਕ ਘੰਟਾ ਚੱਲੀ। ਨਾਲ ਹੀ ਪੁਲਿਸ ਨੇ ਦੱਸਿਆ ਕਿ ਦਲਜੀਤ ਸਿੰਘ ਕਲਸੀ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨੂੰ ਮਿਲੇ ਹਨ, ਜਿਨ੍ਹਾਂ ਵਿੱਚ ਕਲਸੀ ਦੀ ਪਤਨੀ ਨੀਰੂ ਕਲਸੀ ਅਤੇ ਪੁੱਤਰ ਸਿਮਰਦੀਪ ਸਿੰਘ ਕਲਸੀ ਸ਼ਾਮਲ ਸਨ। ਅੰਮ੍ਰਿਤਪਾਲ ਸਿੰਘ ਅਤੇ ਦਲਜੀਤ ਸਿੰਘ ਕਲਸੀ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।