ਕਿਸਾਨਾਂ ਦੀ ਜ਼ਮੀਨ ਨਿੱਜੀ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ, ਇਹ ਸਰਕਾਰ ਬਹੁਤੀ ਦੇਰ ਤਕ ਨਹੀਂ ਚੱਲੇਗੀ : ਰਾਕੇਸ਼ ਟਿਕੈਤ

ਅਹਿਮਦਾਬਾਦ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਨੁਕਸਾਨਦੇਹ ਹਨ। ਇਹ ਕਾਲੇ ਕਾਨੂੰਨ ਹਨ, ਜਿਸ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਟਿਕੈਤ ਨੇ ਇਹ ਗੱਲਾਂ ਆਪਣੇ ਗੁਜਰਾਤ ਦੌਰੇ ਦੌਰਾਨ ਕਹੀਆਂ। ਉਹ 2 ਦਿਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਆਏ ਸਨ। ਇੱਥੇ ਰਾਕੇਸ਼ ਟਿਕੈਤ ਨੇ ਵੱਖ-ਵੱਖ ਕਿਸਾਨ ਸੰਗਠਨਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਸਾਨੀ ਅੰਦੋਲਨ ਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ।

Video Ad

ਰਾਕੇਸ਼ ਟਿਕੈਤ ਨੇ ਕਿਹਾ, “ਗੁਜਰਾਤ ‘ਚ ਕਿਸਾਨ ਫਸਲਾਂ ਦੀ ਬਰਬਾਦੀ ਨਾਲ ਜੂਝ ਰਹੇ ਹਨ। ਅਜਿਹੇ ਸਮੇਂ ਉਨ੍ਹਾਂ ਦੀ ਜ਼ਮੀਨ ਨਿੱਜੀ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ। ਦੇਸ਼ ਭਰ ‘ਚ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਹਾਲਾਤ ਇਹ ਹਨ ਕਿ ਕੰਪਨੀਆਂ ਦੇਸ਼ ਦੀ ਸਰਕਾਰ ਚਲਾ ਰਹੀਆਂ ਹਨ, ਪਰ ਹੁਣ ਇਹ ਸਰਕਾਰ ਲੰਬੇ ਸਮੇਂ ਤਕ ਨਹੀਂ ਚੱਲੇਗੀ। ਕਿਸਾਨ ਅੰਦੋਲਨ ਖ਼ਤਮ ਨਹੀਂ ਹੋਵੇਗਾ। ਕਿਸਾਨ ਆਪਣੇ ਹੱਕਾਂ ਲਈ ਲੜਦੇ ਰਹਿਣਗੇ।” ਗੁਜਰਾਤ ਦੇ ਸੰਦਰਭ ‘ਚ ਰਾਕੇਸ਼ ਟਿਕੈਤ ਨੇ ਕਿਹਾ, “ਗੁਜਰਾਤ ਗਾਂਧੀ ਜੀ ਅਤੇ ਸਰਦਾਰ ਪਟੇਲ ਦਾ ਹੈ। ਪਿਛਲੇ ਸਮੇਂ ਇੱਥੇ ਅੰਦੋਲਨ ਹੋਏ ਹਨ। ਇਥੋਂ ਦਾ ਕਿਸਾਨ ਹੁਣ ਨਿਡਰਤਾ ਨਾਲ ਦੂਜੇ ਸੂਬਿਆਂ ਦੇ ਕਿਸਾਨਾਂ ਵਾਂਗ ਸ਼ਾਂਤਮਈ ਅੰਦੋਲਨ ‘ਚ ਹਿੱਸਾ ਲਵੇਗਾ।”

ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਅਹਿਮਦਾਬਾਦ ਦੇ ਗਾਂਧੀ ਆਸ਼ਰਮ ਪਹੁੰਚੇ ਸਨ ਅਤੇ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨ ਸੱਤਾਧਾਰੀ ਭਾਜਪਾ ਨੇ ਇਸ ਸੂਬੇ ‘ਚ ਕਿਸਾਨਾਂ ਦੀ ਸਥਿਤੀ ਨੂੰ ਬਹੁਤ ਵਿਗੜਿਆ ਹੈ। ਹੁਣ ਖੇਤੀਬਾੜੀ ਦੀ ਲੜਾਈ ‘ਚ ਇਥੋਂ ਦੇ ਕਿਸਾਨਾਂ ਨੂੰ ਵੀ ਆਪਣੇ ਨਾਲ ਜੋੜਾਂਗੇ। ਗੁਜਰਾਤ ‘ਚ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਬਾਰੇ ਗੱਲ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ, “ਗੁਜਰਾਤ ਦੇ ਕਿਸਾਨ ਘਬਰਾਹਟ ‘ਚ ਹਨ। ਅਸੀਂ ਉਨ੍ਹਾਂ ਦੇ ਡਰ ਨੂੰ ਰੋਕਣ ਲਈ ਇਥੇ ਆਏ ਹਾਂ। ਸਾਨੂੰ ਸੂਬੇ ਦੇ ਕਿਸਾਨਾਂ, ਉਨ੍ਹਾਂ ਦੇ ਆਗੂਆਂ ਅਤੇ ਪ੍ਰੈੱਸ ਨੂੰ ਆਜ਼ਾਦ ਬਣਾਉਣਾ ਪਵੇਗਾ।”

ਰਾਕੇਸ਼ ਟਿਕੈਤ ਨੇ ਕਿਹਾ, “ਇਥੋਂ ਦੇ ਕਿਸਾਨ ਵੀ ਦਿੱਲੀ ਪਹੁੰਚ ਗਏ ਹਨ ਅਤੇ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਹੈ। ਇਹ ਕਾਨੂੰਨ ਖੇਤੀ ਨੂੰ ਤਬਾਹ ਕਰ ਦੇਣਗੇ, ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ।”

Video Ad