ਚੰਡੀਗੜ੍ਹ/ਨਵੀਂ ਦਿੱਲੀ, 26 ਮਾਰਚ, ਹ.ਬ. : ਸਾਂਝਾ ਕਿਸਾਨ ਮੋਰਚਾ ਵੱਲੋਂ ਦਿਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਭਰਵਾਂ ਅਤੇ ਲਾਮਿਸਾਲ ਹੁੰਗਾਰਾ ਮਿਲਿਆ। ਬਾਜ਼ਾਰ ਸੁੰਨ-ਸਾਨ ਨਜ਼ਰ ਆਏ ਜਦਕਿ ਸੜਕੀ ਅਤੇ ਰੇਲ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰਹੀ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਾਥ ਦੇਣ ਕਾਰੋਬਾਰੀ ਅਤੇ ਦੁਕਾਨਦਾਰ ਵੀ ਮੈਦਾਨ ਵਿਚ ਕੁੱਦ ਪਏ ਜਦਕਿ ਪਾਰਟੀ ਹੱਦਾਂ ਤੋਂ ਉਪਰ ਉਠ ਕੇ ਸਿਆਸੀ ਵਰਕਰ ਅਤੇ ਟਰੇਡ ਯੂਨੀਅਨਾਂ ਦੇ ਮੈਂਬਰ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ। ਔਰਤਾਂ ਨੇ ਕਿਸਾਨ ਅੰਦੋਲਨ ਵਿਚ ਆਪਣੀ ਸਰਗਰਮ ਭਾਈਵਾਲੀ ਦਰਜ ਕਰਵਾਉਂਦਿਆਂ ਵੱਖ-ਵੱਖ ਥਾਵਾਂ ’ਤੇ ਧਰਨੇ ਦਿਤੇ ਅਤੇ ਆਮ ਜ਼ਿੰਦਗੀ ਲੜਖੜਾਉਂਦੀ ਨਜ਼ਰ ਆਈ। ਲੁਧਿਆਣਾ ਜ਼ਿਲ੍ਹੇ ਵਿਚ ਜਗਰਾਉਂ ਵਿਖੇ ਰੋਸ ਰੈਲੀ ਦੀ ਕਮਾਨ ਔਰਤਾਂ ਨੇ ਸੰਭਾਲੀ ਹੋਈ ਸੀ।

