
ਜੈਪੁਰ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਲਗਭਗ 4 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੱਖ-ਵੱਖ ਸੂਬਿਆਂ ‘ਚ ਕਿਸਾਨ ਮਹਾਂ-ਪੰਚਾਇਤਾਂ ਕਰਕੇ ਕਿਸਾਨਾਂ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰ ਰਹੇ ਹਨ। ਇਸ ਦੌਰਾਨ ਰਾਕੇਸ਼ ਟਿਕਟ ਨੇ ਰਾਜਸਥਾਨ ਦੇ ਜੈਪੁਰ ‘ਚ ਇਕ ਕਿਸਾਨ ਪੰਚਾਇਤ ਨੂੰ ਸੰਬੋਦਨ ਕੀਤਾ।
ਇੱਥੇ ਰਾਕੇਸ਼ ਟਿਕੈਤ ਨੇ ਪੰਚਾਇਤ ‘ਚ ਸ਼ਾਮਲ ਹੋਏ ਲੋਕਾਂ ਨੂੰ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਦੁਬਾਰਾ ਕੌਮੀ ਰਾਜਧਾਨੀ ‘ਚ ਜਾਣਾ ਹੋਵੇਗਾ ਅਤੇ ਦੁਬਾਰਾ ਬੈਰੀਕੇਡ ਤੋੜਨੇ ਪੈਣਗੇ।
ਰਾਕੇਸ਼ ਟਿਕੈਤ ਨੇ ਕਿਹਾ, “ਕੇਂਦਰ ਸਰਕਾਰ ਨੇ ਸਾਨੂੰ ਜਾਤ ਤੇ ਧਰਮ ਦੇ ਅਧਾਰ ’ਤੇ ਵੰਡਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਜਦੋਂ ਤੁਹਾਨੂੰ ਕਿਹਾ ਜਾਵੇਗਾ, ਉਦੋਂ ਤੁਹਾਨੂੰ ਦਿੱਲੀ ਜਾਣਾ ਹੋਵੇਗਾ ਅਤੇ ਦੁਬਾਰਾ ਬੈਰੀਕੇਡ ਤੋੜਨੇ ਪੈਣਗੇ।” ਰਾਕੇਸ਼ ਟਿਕੈਤ ਨੇ ਕਿਹਾ ਕਿ ਪੀਐਮ ਮੋਦੀ ਨੇ ਕਿਹਾ ਹੈ ਕਿ ਕਿਸਾਨ ਆਪਣੀਆਂ ਫਸਲਾਂ ਕਿਤੇ ਵੀ ਵੇਚ ਸਕਦੇ ਹਨ। ਅਸੀਂ ਸੂਬਿਆਂ ਦੀਆਂ ਵਿਧਾਨ ਸਭਾਵਾਂ, ਕੁਲੈਕਟਰ ਦਫ਼ਤਰਾਂ ਅਤੇ ਸੰਸਦ ‘ਚ ਫਸਲਾਂ ਵੇਚ ਕੇ ਇਸ ਨੂੰ ਸੱਚ ਸਾਬਤ ਕਰਾਂਗੇ। ਸੰਸਦ ਤੋਂ ਵਧੀਆ ਮਾਰਕੀਟ ਹੋਰ ਕੋਈ ਨਹੀਂ ਹੋ ਸਕਦੀ।”
ਇਸ ਤੋਂ ਪਹਿਲਾਂ ਐਤਵਾਰ ਨੂੰ ਰਾਕੇਸ਼ ਟਿਕੈਤ ਨੇ ਕਰਨਾਟਕ ਦੇ ਕਿਸਾਨਾਂ ਨੂੰ ਆਪਣੇ ਸੂਬੇ ‘ਚ ਦਿੱਲੀ ਦੀਆਂ ਸਰਹੱਦਾਂ ਦੀ ਤਰ੍ਹਾਂ ਰਾਜਧਾਨੀ ਬੰਗਲੁਰੂ ਦਾ ਘਿਰਾਓ ਕਰਨ ਲਈ ਕਿਹਾ ਸੀ। ਟਿਕੈਤ ਨੇ ਸ਼ਿਵਮੋਗਾ ‘ਚ ਕਿਸਾਨਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਸੀ, “ਇਹ ਲੜਾਈ ਲੰਮੇ ਸਮੇਂ ਤਕ ਚਲੇਗੀ। ਸਾਨੂੰ ਹਰ ਸ਼ਹਿਰ ‘ਚ ਅਜਿਹੇ ਰੋਸ ਪ੍ਰਦਰਸ਼ਨ ਕਰਨੇ ਪੈਣਗੇ। ਇਹ ਰੋਸ ਪ੍ਰਦਰਸ਼ਨ ਉਦੋਂ ਤਕ ਜਾਰੀ ਰਹਿਣਗੇ, ਜਦੋਂ ਤਕ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਅਤੇ ਐਮਐਸਪੀ ਲਾਗੂ ਨਹੀਂ ਕਰਦੀ।”