ਕਿਸਾਨਾਂ ਨੇ ਦਿੱਲੀ-ਨੋਇਡਾ ਬਾਰਡਰ ਬੰਦ ਕਰਨ ਦੀ ਧਮਕੀ ਦਿੱਤੀ

ਨਵੀਂ ਦਿੱਲੀ, , 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਕਿਸਾਨ ਆਗੂ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਆਉਣ ਵਾਲੇ ਦਿਨਾਂ ਵਿੱਚ ਇਕ ਵਾਰ ਫਿਰ ਤੋਂ ਦਿੱਲੀ-ਨੋਇਡਾ ਬਾਰਡਰ ਨੂੰ ਬੰਦ ਕਰ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਦਾ ਸੰਕੇਤ ਦਿੱਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਕਮੇਟੀ ਨੂੰ ਇਸ ਸੰਬੰਧ ਵਿੱਚ ਫ਼ੈਸਲਾ ਕਰਨਾ ਹੈ।
ਟਿਕੈਤ ਨੇ ਮੰਗਲਵਾਰ ਨੂੰ ਕਿਹਾ, “ਹਾਂ, ਅਸੀਂ ਦਿੱਲੀ-ਨੋਇਡਾ ਬਾਰਡਰ ਨੂੰ ਬੰਦ ਕਰਾਂਗੇ, ਪਰ ਕਿਸ ਤਰੀਕ ਨੂੰ ਹੋਵੇਗਾ ਇਸ ਬਾਰੇ ਫ਼ੈਸਲਾ ਕਮੇਟੀ ਕਰੇਗੀ।” ਇਕ ਦਿਨ ਪਹਿਲਾਂ ਹੀ 15 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਅਤੇ ਦਸੰਬਰ ਤੋਂ ਬਾਅਦ ਕਿਸਾਨ ਅੰਦੋਲਨ ‘ਚ ਅਗਲੇਰੀ ਕਾਰਵਾਈ ਬਾਰੇ ਫ਼ੈਸਲਾ ਲਿਆ ਜਾਵੇਗਾ।
ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ 45 ਕਿਲੋਮੀਟਰ ਦੂਰ ਸਿਹੋੜਾ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਸੀ ਕਿ ਉਹ ਆਪਣੀ ਉਪਜ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਘੱਟ ਨਹੀਂ ਵੇਚਾਂਗੇ।
ਰੈਲੀ ਵਾਲੀ ਥਾਂ ਅਤੇ ਇਸ ਦੇ ਆਲੇ-ਦੁਆਲੇ ਰਾਕੇਸ਼ ਟਿਕੈਤ ਦੀਆਂ ਤਸਵੀਰਾਂ ਵਾਲੇ ਕੁਝ ਪੋਸਟਰਾਂ ਨੂੰ ਬੀਤੀ ਰਾਤ ਪਾੜ੍ਹੇ ਜਾਣ ਦੀ ਘਟਨਾ ਬਾਰੇ ਟਿਕੈਤ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਦਾ ਕਿਸਾਨਾਂ ਜਾਂ ਉਨ੍ਹਾਂ ਦੇ ਅੰਦੋਲਨ ‘ਤੇ ਕੋਈ ਅਸਰ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਭਾਜਪਾ ਦੇ ਆਗੂ, ਜੋ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਦਾ ਸਵਾਗਤ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਦਿੱਲੀ ਦੇ ਨੇੜੇ ਚੱਲ ਰਹੇ ਕਿਸਾਨ ਅੰਦੋਲਨ ਦੀ ਤਰ੍ਹਾਂ ਇਥੇ ਵੀ ਅੰਦੋਲਨ ਕਰਨ ਦਾ ਸੱਦਾ ਦਿੱਤਾ।
ਦੱਸ ਦੇਈਏ ਕਿ ਰਾਕੇਸ਼ ਟਿਕੈਤ ਪਿਛਲੇ ਹਫ਼ਤੇ ਬੰਗਾਲ ਵੀ ਗਏ ਸਨ। ਕੋਲਕਾਤਾ ਤੇ ਨੰਦੀਗ੍ਰਾਮ ‘ਚ ਮਹਾਂਪੰਚਾਇਤਾਂ ਦਾ ਆਯੋਜਨ ਕੀਤਾ ਗਿਆ ਸੀ। ਰਾਕੇਸ਼ ਟਿਕੈਤ ਨੇ ਕਿਹਾ ਸੀ, “ਜਿਸ ਦਿਨ ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਕਰ ਲਿਆ, ਉਸੇ ਦਿਨ ਸੰਸਦ ਦੇ ਸਾਹਮਣੇ ਇਕ ਮੰਡੀ ਖੁੱਲ੍ਹ ਜਾਵੇਗੀ। ਅਗਲਾ ਟੀਚਾ ਸੰਸਦ ‘ਚ ਫਸਲਾਂ ਵੇਚਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ, “ਬੰਗਾਲ ਦੇ ਲੋਕਾਂ ਲਈ ਸੰਦੇਸ਼ ਇਹ ਹੈ ਕਿ ਭਾਰਤ ਸਰਕਾਰ ਨੇ ਦੇਸ਼ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਆਪਣੇ ਬੰਗਾਲ ਨੂੰ ਬਚਾਓ। ਜੇ ਕੋਈ ਵੋਟਾਂ ਮੰਗਣ ਆਉਂਦਾ ਹੈ, ਉਨ੍ਹਾਂ ਨੂੰ ਪੁੱਛੋ ਕਿ ਸਾਡੀ ਐਮਐਸਪੀ ਕਦੋਂ ਮਿਲੇਗੀ? ਝੋਨੇ ਦੀ ਕੀਮਤ 1850 ਹੋ ਗਈ ਹੈ, ਇਹ ਕਦੋਂ ਮਿਲੇਗੀ?”
ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਕਿਸਾਨ ਤਿੰਨ ਦਿਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਫ਼ਸਲਾਂ ‘ਤੇ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਰਾਸ਼ਟਰੀ ਰਾਜਧਾਨੀ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

Video Ad
Video Ad