
ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਮੰਗਲਵਾਰ ਨੂੰ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ਕੀਤੀ। ਵੀਡੀਓ ਕਾਨਫ਼ਰੰਸਿੰਗ ਰਾਹੀਂ ਇਸ ਬੈਠਕ ‘ਚ ਕੇਂਦਰੀ ਸਿਹਤ ਮੰਤਰੀ ਨੇ ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਹੋਏ ਵਾਧੇ ਦੀ ਸਮੀਖਿਆ ਕੀਤੀ। ਇਨ੍ਹਾਂ 11 ਸੂਬਿਆਂ ‘ਚ ਮਹਾਰਾਸ਼ਟਰ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਹਨ।

ਡਾ. ਹਰਸ਼ਵਰਧਨ ਨੇ ਕਿਹਾ ਕਿ ਸਾਡੀ ਰਿਕਵਰੀ ਦਰ 92.38 ਫ਼ੀਸਦੀ ਹੈ। ਦੇਸ਼ ‘ਚ ਵੱਧ ਰਹੇ ਮਾਮਲਿਆਂ ‘ਚ ਮੌਤ ਦੀ ਦਰ 1.30 ਫ਼ੀਸਦੀ ਬਣੀ ਹੋਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਉੱਥੇ ਪਾਜ਼ੀਟੀਵਿਟੀ ਦਰ 20 ਫ਼ੀਸਦੀ ਹੈ ਅਤੇ ਵਾਧਾ ਦਰ 8 ਫ਼ੀਸਦੀ ਹੈ।
ਡਾ. ਹਰਸ਼ਵਰਧਨ ਨੇ ਕਿਹਾ ਕਿ ਮਾਮਲਿਆਂ ‘ਚ 10 ਗੁਣਾ ਤੱਕ ਦਾ ਵਾਧਾ ਵੇਖਿਆ ਜਾ ਰਿਹਾ ਹੈ। ਪੰਜਾਬ ‘ਚ 80 ਫ਼ੀਸਦੀ ਯੂ.ਕੇ. ਵੇਰੀਐਂਟ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੀ ਪੁਸ਼ਟੀ ਜੀਨੋਮ ਸੀਕਵੈਂਸਿੰਗ ਰਾਹੀਂ ਕੀਤੀ ਗਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਹ ਨੋਟਿਸ ‘ਚ ਆਇਆ ਹੈ ਕਿ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦਾ ਕਾਰਨ ਵਿਆਹ ਸਮਾਗਮ, ਸਥਾਨਕ ਚੋਣਾਂ ਅਤੇ ਕਿਸਾਨ ਅੰਦੋਲਨ ਹੋ ਸਕਦੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਲਾਪਰਵਾਹੀ ਕਾਰਨ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਅਜਿਹਾ ਲੱਗਦਾ ਹੈ ਕਿ ਲੋਕਾਂ ‘ਚ ਕੋਰੋਨਾ ਦਾ ਡਰ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਟੀਕੇ ਨੇ ਉਨ੍ਹਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ ਪ੍ਰੋਟੋਕੋਲ ਦੀ ਗੰਭੀਰਤਾ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਉੱਤਰ ਪ੍ਰਦੇਸ਼, ਦਿੱਲੀ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਪੰਜਾਬ ‘ਚ ਕੋਵਿਡ-19 ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਇਕ ਦਿਨ ‘ਚ ਆਏ 1 ਲੱਖ ਤੋਂ ਵੱਧ ਮਾਮਲਿਆਂ ‘ਚ ਇਨ੍ਹਾਂ ਦੀ ਭਾਗੀਦਾਰੀ 81.90 ਫ਼ੀਸਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ‘ਚ ਕੋਵਿਡ-19 ਦੇ 96,982 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ‘ਚ ਪੀੜਤ ਵਿਅਕਤੀਆਂ ਦੀ ਕੁਲ ਗਿਣਤੀ 1,26,86,049 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਦੌਰਾਨ 446 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,65,547 ਹੋ ਗਈ ਹੈ।
