Home ਤਾਜ਼ਾ ਖਬਰਾਂ ਕਿਸਾਨ ਅੰਦੋਲਨ : ਟੀਕਰੀ ਬਾਰਡਰ ’ਤੇ ਪੰਜਾਬ ਦੇ ਕਿਸਾਨ ਦਾ ਸਾਥੀ ਨੇ ਹੀ ਕੀਤਾ ਕਤਲ

ਕਿਸਾਨ ਅੰਦੋਲਨ : ਟੀਕਰੀ ਬਾਰਡਰ ’ਤੇ ਪੰਜਾਬ ਦੇ ਕਿਸਾਨ ਦਾ ਸਾਥੀ ਨੇ ਹੀ ਕੀਤਾ ਕਤਲ

0
ਕਿਸਾਨ ਅੰਦੋਲਨ : ਟੀਕਰੀ ਬਾਰਡਰ ’ਤੇ ਪੰਜਾਬ ਦੇ ਕਿਸਾਨ ਦਾ ਸਾਥੀ ਨੇ ਹੀ ਕੀਤਾ ਕਤਲ

ਬਹਾਦੁਰਗੜ੍ਹ (ਹਰਿਆਣਾ), 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਟੀਕਰੀ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨਾਂ ’ਚ ਸ਼ਾਮਲ ਪੰਜਾਬ ਦੇ ਇੱਕ ਨੌਜਵਾਨ ਕਿਸਾਨ ਉਸ ਦੇ ਹੀ ਸਾਥੀ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਜ਼ਿਲ੍ਹਾ ਬਰਨਾਲਾ ਦਾ ਕਿਸਾਨ 26 ਸਾਲਾ ਗੁਰਪ੍ਰੀਤ ਸਿੰਘ ਕਈ ਹਫ਼ਤਿਆਂ ਤੋਂ ਟੀਕਰੀ ਬਾਰਡਰ ’ਤੇ ਬੈਠਾ ਸੀ। ਉਹ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨਾਲ ਦਿੱਲੀ-ਰੋਹਤਕ ਬਾਈਪਾਸ ’ਤੇ ਕਸਾਰ ਪਿੰਡ ਦੇ ਨੇੜੇ ਬਿਜਲੀ ਦੇ ਖੰਭਾ ਨੰਬਰ-241 ਦੇ ਨਾਲ ਟ੍ਰਾਲੀ ਟੈਂਟ ਵਿੱਚ ਰੁਕਿਆ ਹੋਇਆ ਸੀ। ਪੁਲਿਸ ਥਾਣਾ ਇੰਚਾਰਜ ਜੈਭਗਵਾਨ ਨੇ ਦੱਸਿਆ ਕਿ ਬੀਤੇ ਦਿਨ ਰਾਤ ਲਗਭਗ ਸਾਢੇ 9 ਵਜੇ ਗੁਰਪ੍ਰੀਤ ਅਤੇ ਉਸ ਦੇ ਹੀ ਪਿੰਡ ਵਾਸੀ ਰਣਬੀਰ ਉਰਫ਼ ਸੱਤਾ ਨਾਲ ਸ਼ਰਾਬ ਪੀ ਲਈ। ਨਸ਼ੇ ਵਿੱਚ ਦੋਵਾਂ ਵਿਚਕਾਰ ਸ਼ਰਾਬ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਇਸ ’ਤੇ ਸੱਤੇ ਨੇ ਪਹਿਲਾਂ ਗੁਰਪ੍ਰੀਤ ਦੇ ਸਿਰ ’ਚ ਮਾਰੀ, ਜਿਸ ਨਾਲ ਉਹ ਧਰਤੀ ’ਤੇ ਡਿੱਗ ਗਿਆ। ਇਸ ਮਗਰੋਂ ਉਸ ਨੇ ਗੁਰਪ੍ਰੀਤ ਨੂੰ ਲੱਤਾਂ ਤੇ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਤੇ ਫਰਾਰ ਹੋ ਗਿਆ। ਸਾਥੀ ਕਿਸਾਨਾਂ ਨੇ ਸੋਚਿਆ ਕਿ ਗੁਰਪ੍ਰੀਤ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਹੋਰ ਉਹ ਠੀਕ ਹੋ ਜਾਵੇਗਾ। ਇਸ ਲਈ ਉਨ੍ਹਾਂ ਨੇ ਉਸ ਨੂੰ ਤੰਬੂ ਵਿੱਚ ਹੀ ਰੱਖਿਆ ਤੇ ਉਹ ਉਸ ਨੂੰ ਹਸਪਤਾਲ ਨਹੀਂ ਲੈ ਗਏ, ਪਰ ਗੁਰਪ੍ਰੀਤ ਦੇ ਕਈ ਗੁੱਝੀਆਂ ਸੱਟਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਦੇ ਚਲਦਿਆਂ ਸ਼ੁੱਕਰਵਾਰ ਰਾਤ ਉਸ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਤੇ ਲਾਸ਼ ਨੂੰ ਬਹਾਦੁਰਗੜ੍ਹ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਉਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਦੇ ਚਾਚਾ ਨਾਹਰ ਸਿੰਘ ਦੀ ਸ਼ਿਕਾਇਤ ’ਤੇ ਉਨ੍ਹਾਂ ਦੇ ਹੀ ਪਿੰਡ ਦੇ ਵਾਸੀ ਰਣਬੀਰ ਉਰਫ਼ ਸੱਤਾ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।